ਹਿਮਾਚਲ 'ਚ ਵੀ ਹੂੰਝਾ ਫੇਰੇਗੀ ਕਾਂਗਰਸ : ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਧਾਨ ਸਭਾ ਹਲਕੇ ਦੇ ਕਸਬਾ ਪੰਜੇਹਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ।
ਭਰਤਗੜ੍ਹ, ਕੀਰਤਪੁਰ ਸਾਹਿਬ, ਨਾਲਾਗੜ੍ਹ, 6 ਨਵੰਬਰ (ਹਰਦੀਪ ਸੈਣੀ, ਸੁਖਚੈਨ ਰਾਣਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਧਾਨ ਸਭਾ ਹਲਕੇ ਦੇ ਕਸਬਾ ਪੰਜੇਹਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਬਣੇ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਸ ਢੰਗ ਨਾਲ ਹਿਮਾਚਲ ਪ੍ਰਦੇਸ਼ ਵਿਚ ਪਹਾੜੀਆਂ 'ਤੇ ਬਣੇ ਘਰਾਂ ਦੇ ਲੋਕਾਂ ਲਈ ਪਾਣੀ ਅਤੇ ਬਿਜਲੀ ਦੇ ਪ੍ਰਬੰਧ ਅਤੇ ਜੋ ਸੜਕਾਂ ਦਾ ਨਿਰਮਾਣ ਕਰਵਾਇਆ ਹੈ, ਉਸ ਨੂੰ ਇਸ ਪ੍ਰਾਂਤ ਦੇ ਵੋਟਰ ਨਹੀਂ ਭੁੱਲਣਗੇ ਅਤੇ 9 ਨਵੰਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਹਿਮਾਚਲ ਪ੍ਰਦੇਸ਼ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭਾਜਪਾ ਦੀ ਸਾਖ ਨੂੰ ਬਚਾਉਣ ਲਈ ਪਿੰਡ-ਪਿੰਡ ਜਾ ਕੇ ਰੈਲੀਆਂ ਕਰਨ ਨੂੰ ਤਰਜੀਹ ਦਿਤੀ ਜਾ ਰਹੀ ਹੈ ਪਰ ਹਿਮਾਚਲ ਅਤੇ ਗੁਜਰਾਤ ਦੀ ਜਨਤਾ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਲੋਕ ਮਾਰੂ ਫ਼ੈਸਲਿਆਂ ਵਿਰੁਧ ਅਪਣਾ ਫ਼ੈਸਲਾ ਸੁਣਾ ਕੇ ਇਸ ਵਾਰ ਇਨ੍ਹਾਂ ਦਾ ਬਿਸਤਰਾ ਗੋਲ ਕਰੇਗੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਸੀਂ ਸਾਰੇ ਰਲ ਕੇ ਦੇਸ਼
ਦੀ ਸੱਤਾ ਤੋਂ ਭਾਜਪਾ ਨੂੰ ਦੂਰ ਕਰਾਂਗੇ।ਉਨ੍ਹਾਂ ਨਾਲਾਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵਿੰਦਰ ਰਾਣਾ ਦੇ ਹੱਕ ਵਿਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿਮਾਚਲ ਦੇ ਇਸ ਹਲਕੇ ਦੇ ਲੋਕਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਜਿਸ ਉਮੀਦਵਾਰ ਨੂੰ ਜਿਤਾਇਆ ਸੀ ਉਹ ਵੀ ਨਾਲਾਇਕ ਸਾਬਤ ਹੋ ਗਿਆ ਤੇ ਇਨ੍ਹਾਂ ਚੋਣਾਂ ਵਿਚ ਪਿੰਡਾਂ ਦੇ ਲੋਕ ਉਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਜਨਤਾ ਵਿਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ, ਇਸ ਤੋਂ ਸਪੱਸ਼ਟ ਹੋ ਚੁਕਾ ਹੈ ਕਿ ਰਾਣਾ ਲਖਵਿੰਦਰ ਸਿੰਘ ਤੁਹਾਡੇ ਐਮ.ਐਲ.ਏ. ਚੁਣੇ ਜਾਣਗੇ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਵਿਸਕੀ, ਐਮ. ਐਲ. ਏ. ਬਲਬੀਰ ਸਿੰਘ ਸਿੱਧੂ, ਅਮਰਜੀਤ ਸਿੰਘ ਸੈਣੀ, ਡਾ: ਗੁਰਿੰਦਰ ਪਾਲ ਸਿੰਘ ਬਿੱਲਾ, ਲਖਵਿੰਦਰ ਰਾਣਾ, ਚੌਧਰੀ ਸੰਤ ਰਾਮ, ਪ੍ਰਧਾਨ ਵਿਜੈਕੁਮਾਰ ਟਿੰਕੂ, ਗੁਰਮੁਖ ਸਿੰਘ ਸੈਣੀ, ਡਾ. ਸ਼ਿਵ ਕੁਮਾਰ, ਵਿਜੈ ਬਜਾਜ, ਗੁਰਚਰਨ ਸਿੰਘ ਕਟਵਾਲ, ਵਿਜੈ ਸ਼ਾਰਦਾ, ਐਨ. ਡੀ ਸ਼ਾਸਤਰੀ, ਅਨੰਦ ਲਾਲ ਹਾਜ਼ਰ ਸਨ।