ਹਿਮਾਚਲ ਵਿਚ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਵੀਰਭੱਦਰ ਹੀ ਰਹਿਣਗੇ: ਰਾਹੁਲ
ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਮੁਹਿੰਮ ਸ਼ੁਰੂ ਕਰਦਿਆਂ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ
ਮੰਡੀ, 7 ਅਕਤੂਬਰ: ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਮੁਹਿੰਮ ਸ਼ੁਰੂ ਕਰਦਿਆਂ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਐਲਾਨ ਕੀਤਾ ਕਿ ਮੌਜੂਦਾ ਮੁੱਖ ਮੰਤਰੀ ਵੀਰਭੱਦਰ ਸਿੰਘ ਹੀ ਪਾਰਟੀ ਦੇ ਅਗਲੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ।
ਇੱਥੇ ਪੰਡਾਲ ਮੈਦਾਨ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਬੇਰੁਜ਼ਗਾਰੀ, ਨੋਟਬੰਦੀ ਅਤੇ ਜਲਦਬਾਜ਼ੀ 'ਚ ਜੀ.ਐਸ.ਟੀ. ਲਾਗੂ ਕਰਨ ਦੇ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਇਆ। ਮੁੱਖ ਮੰਤਰੀ ਦੀ ਹਮਾਇਤ ਕਰਦਿਆਂ ਰਾਹੁਲ ਨੇ ਕਿਹਾ ਕਿ ਵੀਰਭੱਦਰ ਸਿੰਘ (83) ਨੇ ਪੂਰੇ ਸੂਬੇ 'ਚ ਇਕਸਾਰ ਵਿਕਾਸ ਕਰਵਾਇਆ ਹੈ ਅਤੇ ਉਨ੍ਹਾਂ ਭਰੋਸਾ ਦਿਤਾ ਹੈ ਕਿ ਕਾਂਗਰਸ ਪਾਰਟੀ ਸੱਤਾ 'ਚ ਵਾਪਸ ਆਵੇਗੀ।
ਰਾਹੁਲ ਨੇ 'ਵਿਜੈ ਸੇ ਵਿਕਾਸ ਕੀ ਔਰ' ਨਾਮਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ''ਵੀਰਭੱਦਰ ਸਿੰਘ ਜੀ, ਤੁਸੀਂ ਛੇਵੀਂ ਵਾਰ ਮੁੱਖ ਮੰਤਰੀ ਬਣੇ ਅਤੇ ਮੈਂ ਭਰੋਸਾ ਪ੍ਰਗਟਾਉਂਦਾ ਹਾਂ ਕਿ ਤੁਸੀਂ ਸੱਤਵੀਂ ਵਾਰ ਵੀ ਮੁੱਖ ਮੰਤਰੀ ਬਣੋਗੇ ਅਤੇ ਪੂਰੀ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੀ ਹੈ।'' ਇਸ ਤੋਂ ਚਾਰ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਿਲਾਸਪੁਰ 'ਚ ਰੈਲੀ ਕੀਤੀ ਸੀ ਜਿਸ 'ਚ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਸੀ। ਬੇਰੁਜ਼ਗਾਰੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨੂੰ ਲੰਮੇ ਹੱਥੀਂ ਲੈਂਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਐਨ.ਡੀ.ਏ. ਸਰਕਾਰ ਦੋ ਕਰੋੜ ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ 'ਚ ਨਾਕਾਮ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੀ.ਐਸ.ਟੀ. ਨੂੰ ਜਲਦਬਾਜ਼ੀ 'ਚ ਲਾਗੂ ਕਰਨ ਕਰ ਕੇ 30 ਲੱਖ ਨੌਕਰੀਆਂ ਚਲੀਆਂ ਗਈਆਂ। (ਪੀਟੀਆਈ)