ਜਾਖੜ ਨੇ ਭਾਜਪਾ ਨੂੰ ਉਸ ਦੀਆਂ ਨਾਕਾਮੀਆਂ ਲਈ ਕਰੜੇ ਹੱਥੀਂ ਲਿਆ
11 ਅਕਤੂਬਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਪਿੜ ਬੰਨ੍ਹਦਿਆਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ
ਪਠਾਨਕੋਟ, 24 ਸਤੰਬਰ (ਹੇਮੰਤ ਨੰਦਾ, ਨੀਲ ਭਲਿੰਦਰ): 11 ਅਕਤੂਬਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਪਿੜ ਬੰਨ੍ਹਦਿਆਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਹਲਕੇ ਦੇ ਪਠਾਨਕੋਟ ਜ਼ਿਲ੍ਹੇ ਵਿਚ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਅਤੇ ਪੰਜਾਬ ਵਿਚ ਉਸ ਦੀਆਂ ਨਾਕਾਮੀਆਂ ਲਈ ਆੜੇ ਹੱਥੀਂ ਲਿਆ।
ਸੁਜਾਨਪੁਰ ਤੇ ਭੋਆ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਬਾਹਰੀ ਉਮੀਦਵਾਰ ਠਹਿਰਾਉਣ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ ਬੇਤੁੱਕਾ ਦਸਿਆ ਅਤੇ ਕਿਸਾਨਾਂ ਦੀ ਭਲਾਈ, ਵਿਕਾਸ ਅਤੇ ਗ਼ੈਰ-ਕਾਨੂੰਨੀ ਖਣਨ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਅਪਣਾ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਜਿਨ੍ਹਾਂ ਦੀ ਮੌਤ ਹੋ ਜਾਣ ਕਾਰਨ ਇਹ ਜ਼ਿਮਨੀ ਚੋਣ ਹੋ ਰਹੀ ਹੈ, ਵੀ ਉਸੇ ਤਰ੍ਹਾਂ ਬਾਹਰੀ ਸਨ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਰੁਣ ਜੇਤਲੀ ਨੂੰ ਹਰਾਇਆ ਸੀ।
ਸ੍ਰੀ ਜਾਖੜ ਨੇ ਵਰਕਰਾਂ ਸਾਹਮਣੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਪ੍ਰਤੱਖ ਨਾਕਾਮੀਆਂ ਅਤੇ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਇਕ ਦਹਾਕੇ ਦੇ ਕੁਸ਼ਾਸਨ ਦਾ ਚਿੱਠਾ ਫਰੋਲਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਕਿਸੇ ਤਰ੍ਹਾਂ ਦੇ ਖ਼ਤਰੇ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਆਖਿਆ ਕਿ ਇਸ ਪਾਰਟੀ ਨੇ ਪਹਿਲਾਂ ਹੀ ਹਾਰ ਮੰਨ ਲਈ ਹੈ।
ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਨੋਟਬੰਦੀ ਅਤੇ ਜੀ.ਐਸ.ਟੀ. ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿਤਾ ਹੈ ਜਦਕਿ ਡੀਜ਼ਲ, ਪਟਰੌਲ ਅਤੇ ਐਲ.ਪੀ.ਜੀ. ਸਮੇਤ ਜ਼ਰੂਰੀ ਵਸਤਾਂ ਦੇ ਭਾਅ ਅਸਮਾਨੀ ਚੜ੍ਹ ਰਹੇ ਹਨ ਜੋ ਕਿ ਲੋਕਾਂ ਲਈ ਅਸਹਿਣਯੋਗ ਵਰਤਾਰਾ ਹੈ।
ਇਸ ਸਰਹੱਦੀ ਹਲਕੇ ਦੇ ਮਸਲਿਆਂ ਨੂੰ ਲੋਕ ਸਭਾ ਵਿਚ ਚੁੱਕਣ ਦਾ ਵਾਅਦਾ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਉਹ ਕਿਸਾਨਾਂ, ਨੌਜਵਾਨਾਂ ਅਤੇ ਸਾਬਕਾ ਸੈਨਿਕਾਂ ਸਮੇਤ ਸਮਾਜ ਦੇ ਹਰ ਇਕ ਵਰਗ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣਗੇ। ਉਨ੍ਹਾਂ ਨੇ ਵਰਕਰਾਂ ਨੂੰ ਇਹ ਵੀ ਭਰੋਸਾ ਦਿਤਾ ਕਿ ਮੁਕਤੇਸ਼ਵਰ ਧਾਮ ਮੰਦਰ ਨੇੜੇ ਡੈਮ ਦੀ ਉਸਾਰੀ ਦਾ ਮਸਲਾ ਲੋਕਾਂ ਦੀ ਸੰਤੁਸ਼ਟੀ ਮੁਤਾਬਕ ਹੱਲ ਕਰਨ ਲਈ ਇਸ ਨੂੰ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਉਠਾਉਣਗੇ।
ਸ੍ਰੀ ਜਾਖੜ ਨੇ ਆਖਿਆ, ''ਸੁਖਬੀਰ ਗਰੀਬ ਦੀ ਖੰਡ ਅਤੇ ਪੈਨਸ਼ਨ ਖਾ ਗਿਆ।'' ਉਨ੍ਹਾਂ ਨਾਲ ਹੀ ਆਖਿਆ ਕਿ ਭਾਵੇਂ ਉਨ੍ਹਾਂ ਲਈ ਲੋਕ ਸਭਾ ਦੀ ਮਿਆਦ ਸਿਰਫ 18 ਮਹੀਨੇ ਹੀ ਹੋਵੇਗੀ ਪਰ ਉਹ ਹਲਕੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰਨਗੇ।
ਇਨ੍ਹਾਂ ਮੀਟਿੰਗਾਂ ਨੂੰ ਕਾਂਗਰਸ ਦੇ ਕੌਮੀ ਸਕੱਤਰ ਹਰੀਸ਼ ਚੌਧਰੀ, ਪਾਰਟੀ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਅਨੀਲ ਵਿੱਜ, ਕਾਂਗਰਸੀ ਨੇਤਾ ਅਮਿਤ ਸਿੰਘ ਮੰਟੂ ਅਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਸੰਬੋਧਨ ਕਰਦਿਆਂ ਪਾਰਟੀ ਦੇ ਵਰਕਰਾਂ ਨੂੰ ਇਕਜੁਟ ਹੋ ਕੇ ਹਲਕੇ ਦੇ ਹਰੇਕ ਪਿੰਡ ਤਕ ਕਾਂਗਰਸ ਦੀ ਮੁਹਿੰਮ ਚਲਾਉਣ ਦਾ ਸੱਦਾ ਦਿਤਾ।