ਕੈਪਟਨ ਅਮਰਿੰਦਰ ਸਿੰਘ ਵਲੋਂ ਹਿੰਦੂਜਾ ਗਰੁਪ ਨੂੰ ਕੇਬਲ ਕਾਰੋਬਾਰ ਵਿਚ ਆਉਣ ਦਾ ਸੱਦਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਿੰਦੂਜਾ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਅੰਦਰ ਕੇਬਲ ਕਾਰੋਬਾਰ 'ਚ
ਮੁੰਬਈ, 2 ਨਵੰਬਰ (ਸਸਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਿੰਦੂਜਾ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਅੰਦਰ ਕੇਬਲ ਕਾਰੋਬਾਰ 'ਚ ਕਿਸੇ ਦੀ ਇਜਾਰੇਦਾਰੀ ਜਾਂ 'ਗੁੰਡਾਗਰਦੀ' ਨਹੀਂ ਚੱਲਣ ਦੇਵੇਗੀ ਪਰ ਸੱਭ ਨੂੰ ਬਰਾਬਰ ਮੌਕੇ ਮੁਹਈਆ ਕਰਵਾਏ ਜਾਣਗੇ।ਮੁੱਖ ਮੰਤਰੀ ਨੇ ਇਹ ਭਰੋਸਾ ਅੱਜ ਇਥੇ ਹਿੰਦੂਜਾ ਗਰੁਪ ਦੇ ਚੇਅਰਮੈਨ ਅਸ਼ੋਕ ਪੀ. ਹਿੰਦੂਜਾ ਦੀ ਅਗਵਾਈ ਵਿਚ ਕੰਪਨੀ ਦੀ ਸਿਖਰਲੀ ਮੈਨੇਜਮੈਂਟ ਨਾਲ ਹੋਈ ਉੱਚ ਪਧਰੀ ਮੀਟਿੰਗ ਦੌਰਾਨ ਦਿਤਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਹਿੰਦੂਜਾ ਵਲੋਂ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਹਿਟਸ (ਹੈੱਡਐਂਡ-ਇਨ-ਦਾ-ਸਕਾਈ) ਦੀ ਡਿਜੀਟਲ ਸੇਵਾ ਐਨ.ਐਕਸ.ਟੀ. ਡਿਜੀਟਲ ਨੂੰ ਚੁਣਨ ਵਾਲੇ ਕੇਬਲ ਅਪਰੇਟਰਾਂ ਨੂੰ ਡਰਾਉਣ-ਧਮਕਾਉਣ ਦੀ ਕਿਸੇ ਨੂੰ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।'ਹਿਟਸ' ਸੈਟੇਲਾਈਟ ਆਧਾਰਤ ਡਿਜੀਟਲ ਕੇਬਲ ਵੰਡ ਪਲੇਟਫ਼ਾਰਮ ਸੇਵਾ ਜਿਸ ਵਿਚ ਸੈਟੇਲਾਈਟ ਉਪਕਰਨਾਂ ਦੀ ਵਰਤੋਂ ਕਰ ਰਹੇ ਕੇਬਲ ਅਪਰਟੇਰਾਂ ਨੂੰ ਟੀ.ਵੀ. ਸਿਗਨਲ ਦਿਤਾ ਜਾਂਦਾ ਹੈ। ਇਸ ਮਗਰੋਂ ਅਪਰੇਟਰ ਡਾਇਰੈਕਟ-ਟੂ-ਹੋਮ ਦੀ ਬਜਾਏ ਇਸ ਤਕਨਾਲੋਜੀ ਦੇ ਹਿੱਸੇ ਵਜੋਂ ਕੇਬਲ ਰਾਹੀਂ ਟੀ.ਵੀ. ਸਿਗਨਲ ਘਰਾਂ ਨੂੰ ਭੇਜਦੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਵੇਲੇ ਤੋਂ ਲੈ ਕੇ ਹੁਣ ਤਕ ਹਿੰਦੂਜਾ ਨਾਲ ਇਹ ਦੂਜੀ ਮੀਟਿੰਗ ਹੈ। ਉਨ੍ਹਾਂ ਨੇ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਕੇਬਲ ਕਾਰੋਬਾਰ 'ਤੇ ਕਿਸੇ ਦੀ ਵੀ 'ਇਜਾਰੇਦਾਰੀ' ਨਹੀਂ ਹੋਣ ਦੇਵੇਗੀ ਜਿਵੇਂ ਕਿ ਅਕਾਲੀ-ਭਾਜਪਾ ਗਠਜੋੜ ਵਾਲੇ ਕਰਦੇ ਰਹੇ ਹਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਬਰਾਬਰ ਮੌਕਾ ਦਿਤਾ ਜਾਵੇਗਾ ਅਤੇ ਸੂਬੇ ਵਿਚ ਨਿਵੇਸ਼ ਕਰਨ ਤੇ ਵਧਣ-ਫੁੱਲ੍ਹਣ ਲਈ ਢਾਂਚਾਗਤ ਸਹਿਯੋਗ, ਰਿਆਇਤਾਂ ਅਤੇ ਹੋਰ ਸਹੂਲਤਾਂ ਦਿਤੀਆਂ ਜਾਣਗੀਆਂ।