ਮਾਮਲਾ ਵਿਧਾਇਕ ਦੇ ਵਿਸ਼ੇਸ਼ ਅਧਿਕਾਰਾਂ ਦਾ ਆਈ.ਏ.ਐਸ. ਅਧਿਕਾਰੀ ਨੇ ਮੁਆਫ਼ੀ ਮੰਗੀ
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ 'ਤੇ ਪੰਜਾਬ ਵਿਧਾਨ ਸਪੀਕਰ ਵਲੋਂ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪਣ 'ਤੇ
ਚੰਡੀਗੜ੍ਹ, 31 ਅਕਤੂਬਰ (ਜੀ.ਸੀ.ਭਾਰਦਵਾਜ): ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ 'ਤੇ ਪੰਜਾਬ ਵਿਧਾਨ ਸਪੀਕਰ ਵਲੋਂ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪਣ 'ਤੇ ਅੱਜ ਇਸ ਕਮੇਟੀ ਨੇ ਆਈ.ਏ.ਐਸ. ਅਧਿਕਾਰੀ ਅਜੌਏ ਸ਼ਰਮਾ ਅਤੇ ਸੀਵਰੇਜ ਮਹਿਕਮੇ ਦੇ ਚੀਫ਼ ਇੰਜੀਨੀਅਰ ਤੇ ਐਕਸੀਅਨ ਨੂੰ ਤਲਬ ਕੀਤਾ। ਸੂਤਰਾਂ ਅਨੁਸਾਰ ਇਨ੍ਹਾਂ ਸੀਨੀਅਰ ਅਧਿਕਾਰੀਆਂ ਨੇ ਕਮੇਟੀ ਦੀ ਬੈਠਕ ਸਾਹਮਣੇ ਪੇਸ਼ ਹੋ ਕੇ ਮੁਆਫ਼ੀ ਮੰਗੀ।ਮਾਮਲਾ ਭੁੱਲਥ ਹਲਕੇ ਦੇ ਢਿੱਲਵਾਂ, ਬੇਗੋਵਾਲ ਨਗਰ ਪੰਚਾਇਤਾਂ ਵਿਚ ਘਟੀਆ ਕਿਸਮ ਦੀਆਂ ਸੀਵਰੇਜ ਪਾਈਪਾਂ ਪਾਉਣ ਦਾ ਸੀ ਜਿਸ 'ਤੇ ਸ. ਖਹਿਰਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ 2 ਵਾਰ ਨਿਯਤ ਤਰੀਕ 'ਤੇ ਇਨ੍ਹਾਂ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਸੀ
ਪਰ ਉਹ ਨਹੀਂ ਪਹੁੰਚੇ ਸਨ। ਇਨ੍ਹਾਂ ਨਗਰ ਪੰਚਾਇਤਾਂ ਵਿਚ ਘਟੀਆ ਕਿਸਮ ਦੀਆਂ ਪਾਈਪਾਂ ਫਿਟ ਕੀਤੀਆਂ, ਬਰਸਾਤ ਵਿਚ ਟੁਟ ਗਈਆਂ, ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ, ਬੀਮਾਰੀ ਫੈਲ ਗਈ ਅਤੇ ਸ. ਖਹਿਰਾ ਨੇ ਸਪੀਕਰ ਕੋਲ ਵਿਸ਼ੇਸ਼ ਪਹੁੰਚ ਕੀਤੀ, ਮਾਮਲੇ ਦੀ ਤਫ਼ਤੀਸ਼ ਕਮੇਟੀ ਚੇਅਰਮੈਨ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿਤੀ ਸੀ।ਅੱਜ ਦੀ ਬੈਠਕ ਵਿਚ ਸ. ਰੰਧਾਵਾ ਤੋਂ ਇਲਾਵਾ ਵਿਧਾਇਕ ਅੰਗਦ ਸਿੰਘ, ਨੱਥੂ ਰਾਮ, ਪਰਗਟ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਰਮਨਜੀਤ ਸਿੱਕੀ, ਤਰਸੇਮ ਡੀ.ਸੀ, ਸੁੰਦਰ ਸ਼ਰਮਾ ਅਰੋੜਾ ਅਤੇ ਅਕਾਲੀ ਦਲ ਦੇ ਪਵਨ ਟੀਨੂੰ, ਲਖਬੀਰ ਸਿੰਘ ਲੋਧੀ ਨੰਗਲ ਅਤੇ 'ਆਪ' ਦੇ ਬਲਦੇਵ ਸਿੰਘ ਤੇ ਬੀਬੀ ਰੁਪਿੰਦਰ ਕੌਰ ਰੂਬੀ ਹਾਜ਼ਰ ਹੋਏ।