ਮੋਦੀ ਨੇ ਸੁਪਰਿਆ ਸੂਲੇ ਨੂੰ ਕੀਤੀ ਸੀ ਮੰਤਰੀ ਬਣਾਉਣ ਦੀ ਪੇਸ਼ਕਸ਼ : ਸੰਜੇ ਰਾਊਤ
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਦ ਪਵਾਰ ਦੀ ਬੇਟੀ ਸੁਪਰਿਆ ਸੂਲੇ
ਮੁੰਬਈ, 11 ਸਤੰਬਰ : ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਦ ਪਵਾਰ ਦੀ ਬੇਟੀ ਸੁਪਰਿਆ ਸੂਲੇ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ ਸੀ।
ਪਾਰਟੀ ਦੇ ਮੁੱਖ ਪੱਤਰ 'ਸਾਮਣਾ' ਵਿਚ ਕਲ ਛਪੇ ਲੇਖ ਵਿਚ ਰਾਊਤ ਨੇ ਕਿਹਾ ਕਿ ਪਵਾਰ ਨਾਲ ਮੁਲਾਕਾਤ ਵਿਚ ਉਨ੍ਹਾਂ ਨੇ ਉਨ੍ਹਾਂ ਖ਼ਬਰਾਂ ਬਾਰੇ ਪੁਛਿਆ ਸੀ ਕਿ ਪਵਾਰ ਮੋਦੀ ਮੰਤਰੀ ਮੰਡਲ ਵਿਚ ਸ਼ਾਮਲ ਹੋਣਗੇ।' ਰਾਊਤ ਨੇ ਕਿਹਾ, 'ਪਵਾਰ ਨੇ ਮੈਨੂੰ ਕਿਹਾ ਕਿ ਇਨ੍ਹਾਂ ਖ਼ਬਰਾਂ ਵਿਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ਨੂੰ ਮੂਰਖਤਾ ਦੀ ਹੱਦ ਕਰਾਰ ਦਿਤਾ।' ਉਨ੍ਹਾਂ ਦਾਅਵਾ ਕੀਤਾ ਕਿ ਪਵਾਰ ਨੇ ਕਿਹਾ, 'ਮੇਰੀ ਪਾਰਟੀ ਬਾਰੇ ਅਫ਼ਵਾਹ ਫੈਲਾਈ ਜਾ ਰਹੀ ਹੈ। ਮੋਦੀ ਨੇ ਇਕ ਵਾਰ ਮੈਨੂੰ ਕਿਹਾ ਸੀ ਕਿ ਉਹ ਸੁਪਰਿਆ ਨੂੰ ਅਪਣੇ ਮੰਤਰੀ ਮੰਡਲ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ। ਉਸ ਬੈਠਕ ਵਿਚ ਮੌਜੂਦ ਸੁਪਰਿਆ ਨੇ ਮੋਦੀ ਨੂੰ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਆਖ਼ਰੀ ਸ਼ਖ਼ਸ ਹੋਵੇਗੀ।'
ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਪਵਾਰ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਰੁਖ਼ ਸਪੱਸ਼ਟ ਹੈ, ਫਿਰ ਵੀ ਭਰਮ ਪੈਦਾ ਕਰਨ ਲਈ ਅਫ਼ਵਾਹ ਫੈਲਾਈ ਜਾ ਰਹੀ ਹੈ। ਰਾਊਤ ਨੇ ਕਿਹਾ, 'ਸ਼ਰਦ ਪਵਾਰ ਇਹ ਕਹਿੰਦੇ ਹਨ ਪਰ ਉਨ੍ਹਾਂ ਦੀ ਪਾਰਟੀ ਵਿਚ ਅਜਿਹੇ ਨੇਤਾ ਵੀ ਹਨ ਜੋ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੇ ਸੰਪਰਕ ਵਿਚ ਹਨ। (ਏਜੰਸੀ)