ਪੋਲ ਖੁੱਲ੍ਹ ਜਾਣ ਕਰ ਕੇ ਗੁਜਰਾਤ ਚੋਣਾਂ ਦਾ ਏਜੰਡਾ ਬਦਲ ਰਹੇ ਨੇ ਮੋਦੀ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9 ਦਸੰਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਇਆ ਕਿ ਇਕ ਤੋਂ ਬਾਅਦ ਇਕ ਹਰ ਮੁੱਦੇ 'ਤੇ ਉਨ੍ਹਾਂ ਦਾ ਪਰਦਾਫ਼ਾਸ਼ ਹੋ ਰਿਹਾ ਹੈ

Rahul Gandhi

ਪਾਟਨ, 9 ਦਸੰਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਇਆ ਕਿ ਇਕ ਤੋਂ ਬਾਅਦ ਇਕ ਹਰ ਮੁੱਦੇ 'ਤੇ ਉਨ੍ਹਾਂ ਦਾ ਪਰਦਾਫ਼ਾਸ਼ ਹੋ ਰਿਹਾ ਹੈ ਇਸੇ ਕਰ ਕੇ ਉਹ ਗੁਜਰਾਤ ਚੋਣਾਂ ਦਾ ਏਜੰਡਾ ਬਦਲ ਰਹੇ ਹਨ। ਪਾਟਨ ਜ਼ਿਲ੍ਹੇ ਦੇ ਹਰਿਜ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਨੇ ਕਾਂਗਰਸ ਤੋਂ ਮੁਅੱਤਲ ਕੀਤੇ ਜਾ ਚੁੱਕੇ ਆਗੂ ਮਣੀਸ਼ੰਕਰ ਅਈਅਰ ਵਲੋਂ ਅਪਣੇ ਵਿਰੁਧ ਕੀਤੀ ਟਿਪਣੀ ਦਾ ਮੁੱਦਾ ਇਸ ਲਈ ਚੁਕਿਆ ਕਿਉਂਕਿ ਨਰਮਦਾ 'ਚ ਪਾਣੀ, ਹੋਰ ਪਿਛੜੇ ਵਰਗ (ਓ.ਬੀ.ਸੀ.) ਅਤੇ ਸੂਬੇ 'ਚ ਭਾਜਪਾ ਦੇ 22 ਸਾਲ ਦੇ ਰਾਜ 'ਚ ਹੋਏ ਵਿਕਾਸ ਵਰਗੇ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਦੀ ਪੋਲ ਖੁੱਲ੍ਹ ਚੁੱਕੀ ਹੈ।ਰਾਹੁਲ ਨੇ ਦਾਅਵਾ ਕੀਤਾ, ''ਇਹ ਵੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਲੋਕ ਸੱਚਾਈ ਨੂੰ ਕਿਸ ਤਰ੍ਹਾਂ ਲੈਂਦੇ ਹਨ। ਮੋਦੀ ਜੀ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਉਹ ਨਰਮਦਾ ਦੇ ਪਾਣੀ 'ਤੇ ਚੋਣ ਲੜਨਗੇ। ਪਤਾ ਲਗਿਆ ਕਿ ਨਦੀ ਦਾ ਪਾਣੀ ਪਿੰਡਾਂ ਤਕ ਪੁਜਿਆ ਹੀ 

ਨਹੀਂ ਅਤੇ ਟਾਟਾ ਦੇ ਨੈਨੋ ਕਾਰਖ਼ਾਨੇ ਨੂੰ ਮਿਲਣ ਲਗਿਆ।''ਇਕ ਰੀਪੋਰਟ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਇਸ਼ਤਿਹਾਰਾਂ 'ਤੇ 3700 ਕਰੋੜ ਰੁਪਏ ਖ਼ਰਚ ਕਰਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਲਤਾੜਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਲੋਕਾਂ ਦੀ ਸਿਹਤ ਅਤੇ ਸਿਖਿਆ ਲਈ ਇਸ ਪੈਸੇ ਨੂੰ ਖ਼ਰਚ ਕਰੇਗੀ। ਇਸ ਤੋਂ ਪਹਿਲਾਂ ਉਨ੍ਹਾਂ ਇਕ ਟਵੀਟ ਕਰ ਕੇ ਕਿਹਾ, ''ਗੁਜਰਾਤ 'ਚ 22 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਮੈਂ ਸਿਰਫ਼ ਏਨਾ ਪੁੱਛਾਂਗਾ ਕਿ ਕੀ ਕਾਰਨ ਹੈ ਇਸ ਵਾਰੀ ਪ੍ਰਧਾਨ ਮੰਤਰੀ ਦੇ ਭਾਸ਼ਣਾਂ 'ਚੋਂ ਵਿਕਾਸ ਗੁਮ ਹੈ? ਮੈਂ ਗੁਜਰਾਤ ਦੇ ਰੀਪੋਰਟ ਕਾਰਡ 'ਤੇ 10 ਸਵਾਲ ਪੁੱਛੇ। ਉਨ੍ਹਾਂ ਦਾ ਵੀ ਜਵਾਬ ਨਹੀਂ ਮਿਲਿਆ। ਪਹਿਲੇ ਗੇੜ ਦਾ ਪ੍ਰਚਾਰ ਖ਼ਤਮ ਹੋਣ ਤਕ ਚੋਣ ਮਨੋਰਥ ਪੱਤਰ ਨਹੀਂ।''                (ਪੀਟੀਆਈ)