ਰਾਹੁਲ ਦੀ ਅਗਵਾਈ ਵਿਚ ਗਤੀ ਫੜ ਰਹੀ ਹੈ ਕਾਂਗਰਸ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਨੇਤਾ ਵਜੋਂ ਉਭਰੇ ਹਨ ਅਤੇ ਪਾਰਟੀ ਅਪਣੀ ਪ੍ਰਚਾਰ ਮੁਹਿੰਮ ਰਾਹੀਂ ਇਕ ਵਾਰ ਫਿਰ ਗਤੀ ਫੜ ਰਹੀ ਹੈ।

Rahul Gandhi

ਚੰਡੀਗੜ੍ਹ, 15 ਨਵੰਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਨੇਤਾ ਵਜੋਂ ਉਭਰੇ ਹਨ ਅਤੇ ਪਾਰਟੀ ਅਪਣੀ ਪ੍ਰਚਾਰ ਮੁਹਿੰਮ ਰਾਹੀਂ ਇਕ ਵਾਰ ਫਿਰ ਗਤੀ ਫੜ ਰਹੀ ਹੈ। ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਕਿਹਾ, 'ਇਨ੍ਹਾਂ ਸਾਲਾਂ ਵਿਚ ਰਾਹੁਲ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਨੇਤਾ ਵਜੋਂ ਉਭਰੇ ਹਨ ਅਤੇ ਉਨ੍ਹਾਂ ਅੰਦਰ ਕਾਫ਼ੀ ਸਿਆਸੀ ਪਰਪੱਕਤਾ ਆਈ ਹੈ। ਉਹ ਲੋਕਾਂ ਨਾਲ ਨੇੜਤਾ ਬਣਾ ਰਹੇ ਹਨ। ਇਕ ਚੰਗੇ ਨੇਤਾ ਵਿਚ ਹੋਰ ਕੀ ਹੋਣਾ ਚਾਹੀਦਾ ਹੈ?' ਕੈਪਟਨ ਨੂੰ ਜਦ ਪੁਛਿਆ ਗਿਆ ਕਿ ਉਹ ਰਾਹੁਲ ਨੂੰ ਪਾਰਟੀ ਮੁਖੀ ਬਣਾਏ ਜਾਣ ਬਾਬਤ ਕੀ ਕਹਿਣਾ ਚਾਹੁੰਦੇ ਹਨ ਤਾਂ ਉਨ੍ਰਾਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਮਾਣ ਵਧੇਗਾ।  ਉਨ੍ਹਾਂ ਕਿਹਾ, 'ਤੁਸੀਂ ਵੇਖ ਸਕਦੇ ਹੋ ਕਿ ਕਾਂਗਰਸ ਦੁਬਾਰਾ ਗਤੀ ਫੜ ਰਹੀ ਹੈ ਅਤੇ ਰਾਹੁਲ ਪਾਰਟੀ ਦੇ ਕਈ ਪ੍ਰੋਗਰਾਮਾਂ ਅਤੇ ਪ੍ਰਚਾਰ ਦੀ ਅਗਵਾਈ ਕਰ ਰਹੇ ਹਨ।' ਉਨ੍ਹਾਂ ਕਿਹਾ ਕਿ ਲੋਕ ਸਭਾ, 

ਵਿਧਾਨ ਸਭਾ ਤੋਂ ਲੈ ਕੇ ਨਗਰ ਨਿਗਮ ਅਤੇ ਯੂਨੀਵਰਸਿਟੀ ਚੋਣਾਂ ਤਕ ਪਿਛਲੇ ਕੁੱਝ ਮਹੀਨਿਆਂ ਤੋਂ ਪਾਰਟੀ ਜਿੱਤਾਂ ਦਰਜ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਪਾਰਟੀ ਮੁਖੀ ਬਣਾਏ ਜਾਣ ਨਾਲ ਪਾਰਟੀ ਅੱਗੇ ਵਧੇਗੀ। ਮੁੱਖ ਮੰਤਰੀ ਨੇ ਕਿਹਾ, 'ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਕਾਂਗਰਸ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਹ ਲੋਕਾਂ ਦੀਆਂ ਭਾਵਨਾਵਾਂ ਦਾ ਸੰਕੇਤ ਹੈ ਕਿ ਇਨ੍ਹਾਂ ਚੋਣਾਂ ਦਾ 2019 ਵਿਚ ਪਾਰਟੀ ਦੇ ਪ੍ਰਦਰਸ਼ਨ 'ਤੇ ਚੰਗਾ ਅਸਰ ਪਵੇਗਾ। (ਪੀਟੀਆਈ)