ਰਾਹੁਲ ਦੀ ਹਮਦਰਦੀ ਸਿਰਫ਼ ਛਲਾਵਾ: ਮੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਖੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੌਰਾਨ ਤਿੰਨ ਭਰਾਵਾਂ ਸਮੇਤ ਅਪਣਾ ਕਾਰੋਬਾਰ ਤੇ ਘਰ-ਬਾਰ ਗਵਾ ਚੁੱਕੇ

Rahul Gandhi

ਨਵੀਂ ਦਿੱਲੀ, 16 ਸਤੰਬਰ (ਸੁਖਰਾਜ ਸਿੰਘ): ਦਿੱਲੀ ਵਿਖੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੌਰਾਨ ਤਿੰਨ ਭਰਾਵਾਂ ਸਮੇਤ ਅਪਣਾ ਕਾਰੋਬਾਰ ਤੇ ਘਰ-ਬਾਰ ਗਵਾ ਚੁੱਕੇ ਅਤੇ ਸੱਜਣ ਕੁਮਾਰ ਵਿਰੁਧ ਮੁੱਖ ਗਵਾਹ ਸ. ਜਗਸ਼ੇਰ ਸਿੰਘ ਮੱਲੀ ਨੇ ਦਸਿਆ ਕਿ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਮਰੀਕਾ ਯੂਨੀਵਰਸਟੀ ਵਿਚ ਦਿਤੇ ਗਏ ਬਿਆਨ ਕਿ “ਮੈਨੂੰ 1984 ਦੌਰਾਨ ਹੋਏ ਦੰਗਿਆਂ ਵਿਚ ਮਾਰੇ ਗਏ ਪਰਵਾਰਾਂ ਨਾਲ ਹਮਦਰਦੀ ਹੈ” ਸਰਾਸਰ ਇਕ ਢੋਂਗ ਹੈ ਅਤੇ ਇਹ ਸੱਭ ਇਨ੍ਹਾਂ ਦੇ ਮਗਰਮੱਛ ਦੇ ਹੰਝੂ ਹਨ ਤੇ ਭਵਿੱਖ ਵਿਚ ਆ ਰਹੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਨ।
ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ, “ਮੇਰੀ ਦਾਦੀ ਤੇ ਪਿਤਾ ਹਿੰਸਾ ਦੇ ਸ਼ਿਕਾਰ ਹੋਏ ਸਨ” ਜਦਕਿ ਉਹ ਹਿੰਸਾ ਦੇ ਸ਼ਿਕਾਰ ਨਹੀਂ ਹੋਏ ਸਗੋਂ ਉਨ੍ਹਾਂ ਨੇ ਇਕ ਸਾਜਸ਼ ਅਧੀਨ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਚਾਲ ਚਲੀ ਸੀ ਜਿਸ ਦੀ ਉਨ੍ਹਾਂ ਨੂੰ ਸਜ਼ਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ ਅਤੇ ਕਿਨ੍ਹੇ ਹੀ ਕਾਂਗਰਸੀ ਨੇਤਾ ਅੱਜ ਵੀ ਕਾਂਗਰਸ ਦੇ ਸੀਨੀਅਰ ਆਗੂ ਹਨ। ਜਗਸ਼ੇਰ ਸਿੰਘ ਮੱਲੀ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਵੀ ਲੀਡਰ ਦਾ ਨਾਂਅ ਦੱਸ ਦੇਣ ਜਿਸ ਨੂੰ ਸਿੱਖ ਕਤਲੇਆਮ ਦੇ ਮਾਮਲੇ ਵਿਚ ਸਜ਼ਾ ਹੋਣੀ ਤਾਂ ਦੂਰ ਗੱਲ ਹੈ, ਇਕ ਦਿਨ ਵੀ ਜੇਲ ਜਾਣਾ ਪਿਆ ਹੋਵੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਅਪਣੀ ਦਾਦੀ ਤੇ ਪਿਉ ਦੇ ਮਾਰੇ ਜਾਣ ਦਾ ਦੁਖ ਹੈ ਪਰ ਉਸ ਨੇ ਕਦੇ ਸਿੱਖ ਕਤਲੇਆਮ ਵਿਚ ਉਜੜੇ ਪਰਵਾਰਾਂ ਦਾ ਹਾਲ ਵੀ ਜਾਣਿਆ ਹੈ।