ਰਾਹੁਲ ਨੇ ਕਾਂਗਰਸ ਪ੍ਰਧਾਨ ਅਹੁਦੇ ਲਈ ਭਰੇ ਨਾਮਜ਼ਦਗੀ ਪੱਤਰ
4 ਦਸੰਬਰ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨ ਬਣਨ ਲਈ ਅੱਜ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿਤੇ
ਨਵੀਂ ਦਿੱਲੀ, 4 ਦਸੰਬਰ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨ ਬਣਨ ਲਈ ਅੱਜ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿਤੇ ਜਿਸ ਨਾਲ ਦੇਸ਼ ਦੀ ਇਸ ਸੱਭ ਤੋਂ ਪੁਰਾਣੀ ਪਾਰਟੀ 'ਚ ਸਿਖਰਲੇ ਅਹੁਦੇ 'ਤੇ ਬਦਲਾਅ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨੂੰ 2019 'ਚ ਆਮ ਚੋਣਾਂ ਤੋਂ ਪਹਿਲਾਂ ਪਾਰਟੀ 'ਚ ਜਾਨ ਫੂਕਣ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ। ਇਸ ਅਹੁਦੇ ਦੀ ਜ਼ਿੰਮੇਵਾਰੀ ਪਿਛਲੇ 19 ਸਾਲਾਂ ਤੋਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਸੰਭਾਲ ਰਹੀ ਹੈ।ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣਾਂ 'ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੱਜ ਆਖ਼ਰੀ ਮਿਤੀ ਸੀ। ਇਸ ਲਈ ਨਿਰਧਾਰਤ ਸਮਾਂ ਬੀਤ ਜਾਣ ਮਗਰੋਂ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਐਮ. ਰਾਮਚੰਦਰਨ ਨੇ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ ਕੁਲ 89 ਨਾਮਜ਼ਦਗੀ ਪੱਤਰਾਂ ਦੇ ਸੈੱਟ ਦਾਖ਼ਲ ਕੀਤੇ ਗਏ।ਰਾਮਚੰਦਰਨ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਕਿ ਕੀ ਰਾਹੁਲ ਗਾਂਧੀ ਤੋਂ ਇਲਾਵਾ ਵੀ ਕਿਸੇ ਹੋਰ ਉਮੀਦਵਾਰ ਦੇ ਹੱਕ 'ਚ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ ਤੋਂ ਬਾਅਦ ਕਲ ਹੀ ਇਹ ਪਤਾ ਲੱਗ ਸਕੇਗਾ ਕਿ ਕੁਲ ਕਿੰਨੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਪਾਰਟੀ ਸੂਤਰਾਂ ਮੁਤਾਬਕ ਇਸ ਚੋਣ 'ਚ ਰਾਹੁਲ ਗਾਂਧੀ ਹੀ ਇਕੋ ਇਕ ਉਮੀਦਵਾਰ ਹੋਣਗੇ। ਨਾਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਰਾਹੁਲ ਗਾਂਧੀ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਈ ਹੋਰ ਕਾਂਗਰਸੀ ਆਗੂ ਵੀ ਸਨ। ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਹੁਲ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।