ਸਰਬ ਪਾਰਟੀ ਸੰਸਦ ਮੈਂਬਰਾਂ ਦੀ ਮੀਟਿੰਗ ਰਹੀ ਬੇਸਿੱਟਾ
ਪਿਛਲੇ ਮਹੀਨੇ ਪਟਿਆਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੇ ਸੁਝਾਅ 'ਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਸੰਸਦੀ ਮਾਮਲਿਆਂ
ਚੰਡੀਗੜ੍ਹ, 15 ਨਵੰਬਰ (ਜੀ.ਸੀ. ਭਾਰਦਵਾਜ) : ਪਿਛਲੇ ਮਹੀਨੇ ਪਟਿਆਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੇ ਸੁਝਾਅ 'ਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਸਰਬ ਪਾਰਟੀ ਸੰਸਦ ਮੈਂਬਰਾਂ ਦੀ ਬੈਠਕ ਠੁੱਸ ਹੋ ਗਈ।ਪੰਜਾਬ ਭਵਨ 'ਚ ਹੋਈ ਇਸ ਮੀਟਿੰਗ ਵਿਚ ਅਕਾਲੀ, ਭਾਜਪਾ, 'ਆਪ' ਅਤੇ ਕਾਂਗਰਸ ਦੇ ਕੁਲ 20 ਮੈਂਬਰਾਂ 'ਚੋਂ ਸਿਰਫ਼ ਚਾਰ ਸੰਸਦ ਮੈਂਬਰ ਸੁਨੀਲ ਜਾਖੜ, ਗੁਰਜੀਤ ਔਜਲਾ, ਸੰਤੋਖ ਚੌਧਰੀ ਅਤੇ 'ਆਪ' ਦੇ ਡਾ. ਧਰਮਵੀਰ ਗਾਂਧੀ ਪੁੱਜੇ। ਜ਼ਿਕਰਯੋਗ ਹੈ ਕਿ ਡਾ. ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿਤਾ ਕਿ ਸਿਆਸੀਪੁਣੇ ਤੋਂ ਉੱਪਰ ਉਠ ਕੇ ਪੰਜਾਬ ਦੀਆਂ ਅਨੇਕਾਂ ਮੁਸ਼ਕਲਾਂ ਸਬੰਧੀ ਲੋਕ ਸਭਾ ਤੇ ਰਾਜ ਸਭਾ 'ਚ ਆਵਾਜ਼ ਉਠਾਈ ਜਾਵੇ। ਕੇਂਦਰ ਸਰਕਾਰ ਤੋਂ ਵਿਕਾਸ ਪ੍ਰਾਜੈਕਟ ਲਿਆਂਦੇ ਜਾਣ ਅਤੇ ਸਰਹੱਦੀ ਸੂਬੇ ਲਈ ਉਦਯੋਗਿਕ, ਖੇਤੀ ਸਬੰਧੀ ਆਰਥਕ, ਵਿਦਿਅਕ ਅਤੇ ਹੋਰ ਮੁਸ਼ਕਲਾਂ ਦੇ ਹੱਲ ਲੱਭੇ ਜਾਣ। ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ
ਤੋਂ ਐਮ.ਪੀ. ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੀਡੀਆ ਨੂੰ ਦਸਿਆ ਕਿ ਅਕਾਲੀ ਦਲ, ਭਾਜਪਾ, 'ਆਪ' ਨੇ ਬੈਠਕ ਦਾ ਬਾਈਕਾਟ ਕਰ ਕੇ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ਼ ਕਰ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਅੰਬਿਕਾ ਸੋਨੀ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਇਸ ਅਹਿਮ ਬੈਠਕ 'ਚ ਹਾਜ਼ਰੀ ਨਾ ਭਰਨ 'ਤੇ ਜਾਖੜ ਨੇ ਬ੍ਰਹਮ ਮਹਿੰਦਰਾ ਨੇ ਸਪਸ਼ਟ ਕੀਤਾ ਕਿ ਅਕਾਲੀ, ਭਾਜਪਾ, 'ਆਪ' ਤੇ ਕਾਂਗਰਸੀ ਨੇਤਾਵਾਂ ਨੇ ਬੇਲੋੜਾ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਨੇ ਬੈਠਕ ਦੀ ਪ੍ਰਧਾਨਗੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਐਮ.ਪੀ. ਸਤਿਕਾਰਯੋਗ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਹਿੱਤ 'ਚ ਸੁਝਾਅ ਦੇਣੇ ਚਾਹੀਦੇ ਹਨ।