ਸੌਦਾ ਸਾਧ ਦੇ ਦੋ ਕਰੀਬੀ ਗ੍ਰਿਫ਼ਤਾਰ, ਹਨੀਪ੍ਰੀਤ ਦੇ ਨੇਪਾਲ 'ਚ ਹੋਣ ਦੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਲਾਤਕਾਰ ਦੇ ਮਾਮਲਿਆਂ ਵਿਚ ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 25 ਅਗੱਸਤ ਨੂੰ ਪੰਚਕੂਲਾ ਵਿਚ ਭੜਕੀ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ

Honeypreet



ਚੰਡੀਗੜ੍ਹ, 17 ਸਤੰਬਰ : ਬਲਾਤਕਾਰ ਦੇ ਮਾਮਲਿਆਂ ਵਿਚ ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 25 ਅਗੱਸਤ ਨੂੰ ਪੰਚਕੂਲਾ ਵਿਚ ਭੜਕੀ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ ਵਿਚ ਹਰਿਆਣਾ ਪੁਲਿਸ ਨੇ ਦੋ ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਧਰ, ਸੌਦਾ ਸਾਧ ਦੀ ਅਖੌਤੀ ਧੀ ਹਨੀਪ੍ਰੀਤ ਇੰਸਾਂ ਦੇ ਨੇਪਾਲ ਵਿਚ ਹੋਣ ਦੀ ਚਰਚਾ ਹੈ। ਨੇਪਾਲ ਲਾਗਲੇ ਯੂਪੀ ਦੇ ਸਾਰੇ ਥਾਣਿਆਂ ਨੂੰ ਚੌਕਸ ਕਰ ਦਿਤਾ ਗਿਆ ਹੈ। ਉਸ ਵਿਰੁਧ ਪਹਿਲਾਂ ਹੀ ਲੁਕਆਊਟ ਨੋਟਿਸ ਜਾਰੀ ਕੀਤਾ ਜਾ ਚੁਕਾ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਰਾਜਸਥਾਨ ਦੇ ਉਦੇਪੁਰ ਤੋਂ ਡੇਰਾ ਅਹੁਦੇਦਾਰ ਪ੍ਰਦੀਪ ਗੋਇਲ ਇੰਸਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ। ਪੰਚਕੂਲਾ ਦੇ ਪੁਲਿਸ ਕਮਿਸ਼ਨਰ ਮਨਬੀਰ ਸਿੰਘ ਨੇ ਦਸਿਆ ਕਿ ਅਦਿਤਿਆ ਇੰਸਾਂ ਦੇ ਸਾਲੇ ਪ੍ਰਕਾਸ਼ ਉਰਫ਼ ਵਿੱਕੀ ਨੂੰ ਅੱਜ ਮੋਹਾਲੀ ਤੋਂ ਫੜਿਆ ਗਿਆ। ਉਨ੍ਹਾਂ ਦਸਿਆ ਕਿ ਵਿਜੇ ਨਾਮ ਦੇ ਇਕ ਹੋਰ ਵਿਅਕਤੀ ਨੂੰ ਕਲ ਪਿੰਜੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮਨਬੀਰ ਸਿੰਘ ਨੇ ਕਿਹਾ, 'ਪੰਚਕੂਲਾ ਵਿਚ 25 ਅਗੱਸਤ ਨੂੰ ਭੜਕੀ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ ਵਿਚ ਤਿੰਨ ਗ੍ਰਿਫ਼ਤਾਰ ਵਿਅਕਤੀਆਂ ਪ੍ਰਦੀਪ, ਪ੍ਰਕਾਸ਼ ਅਤੇ ਵਿਜੇ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗੇ ਜਾਂਚ ਚੱਲ ਰਹੀ ਹੈ।'

      ਪੁਲਿਸ ਨੇ ਪੰਚਕੂਲਾ ਵਿਚ ਸਾੜ-ਫੂਕ ਦੀਆਂ ਘਟਨਾਵਾਂ ਵਿਚ ਅੰਬਾਲਾ ਤੋਂ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਪੁਲਿਸ ਨੇ ਦਸਿਆ ਕਿ ਹਿੰਸਾ ਨਾਲ ਜੁੜੀਆਂ ਘਟਨਾਵਾਂ ਦੀਆਂ ਵੱਖ ਵੱਖ ਵੀਡੀਉਜ਼ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹਿੰਸਾ ਭੜਕਾਉਣ ਅਤੇ ਸਾੜ-ਫੂਕ ਦੀਆਂ ਘਟਨਾਵਾਂ ਵਿਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੀਡੀਆ ਖ਼ਬਰਾਂ ਬਾਰੇ ਪੁੱਛੇ ਜਾਣ 'ਤੇ ਜਿਨ੍ਹਾਂ ਵਿਚ ਗੋਇਲ ਨੇ ਐਸਆਈਟੀ ਨੂੰ ਦਸਿਆ ਕਿ ਹਨੀਪ੍ਰੀਤ ਪਹਿਲਾਂ ਹੀ ਨੇਪਾਲ ਭੱਜ ਚੁਕੀ ਹੈ ਤਾਂ ਡੀਸੀਪੀ ਨੇ ਕਿਹਾ, 'ਇਨ੍ਹਾਂ ਖ਼ਬਰਾਂ ਵਿਚ ਕੋਈ ਸਚਾਈ ਨਹੀਂ। ਇਹ ਬੇਬੁਨਿਆਦ ਹਨ।' ਡੇਰੇ ਦੇ ਬੁਲਾਰੇ ਦਿਲਾਵਰ ਨੂੰ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। (ਏਜੰਸੀ)