ਸੌਖਾ ਨਹੀਂ, ਹੁਣ ਔਖਾ ਹੋ ਗਿਐ ਭਾਰਤ 'ਚ ਵਪਾਰ ਕਰਨਾ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਕਾਰਨ ਭਾਰਤ ਵਿਚ ਵਪਾਰ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ।

Rahul Gandhi

ਜੰਬੂਸਰ (ਗੁਜਰਾਤ), 1 ਨਵੰਬਰ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਕਾਰਨ ਭਾਰਤ ਵਿਚ ਵਪਾਰ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ। ਰਾਹੁਲ ਗਾਂਧੀ ਦਾ ਇਹ ਬਿਆਨ ਵਿਸ਼ਵ ਬੈਂਕ ਦੀ ਉਸ ਰੀਪੋਰਟ ਦੇ ਉਲਟ ਹੈ ਜਿਸ ਵਿਚ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਆਸਾਨੀ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਵਿਚ ਸੂਚੀ ਵਿਚ ਭਾਰਤ 30 ਅੰਕ ਉਪਰ ਆ ਗਿਆ ਹੈ। ਰੀਪੋਰਟ ਕਲ ਹੀ ਜਾਰੀ ਹੋਈ ਹੈ।ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਿਸ਼ਾਨਾ ਬਣਾਉਂਦਿਆਂ ਰਾਹੁਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਾਰਾ ਦੇਸ਼ ਰੌਲਾ ਪਾ ਕੇ ਕਹੇਗਾ ਕਿ ਭਾਰਤ ਵਿਚ ਵਪਾਰ ਕਰਨਾ ਆਸਾਨ ਨਹੀਂ। ਜੰਬੂਸਰ ਦੇ ਪਿੰਡ ਭਰੂਚ ਤੋਂ ਅਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਰਾਹੁਲ ਨੇ ਜਨਤਕ ਰੈਲੀ ਦੌਰਾਨ ਕਿਹਾ ਕਿ ਕਲ ਅਰੁਣ ਜੇਤਲੀ ਨੇ ਕਿਹਾ ਸੀ ਕਿ ਕਈ ਵਿਦੇਸ਼ੀ ਸੰਸਥਾਵਾਂ ਨੇ ਕਿਹਾ ਹੈ ਕਿ ਭਾਰਤ ਵਿਚ ਵਪਾਰ ਕਰਨ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਤਲੀ ਅਪਣੇ ਦਫ਼ਤਰ ਵਿਚ ਬੈਠ ਕੇ ਵਿਦੇਸ਼ੀਆਂ ਦੇ ਕਹਿਣ ਦਾ ਭਰੋਸਾ ਕਰਦੇ ਹਨ। ਰਾਹੁਲ ਨੇ ਕਿਹਾ ਕਿ ਜੇਤਲੀ 5-10 ਮਿੰਟ ਛੋਟੇ ਵਪਾਰੀਆਂ ਨੂੰ ਮਿਲ ਕੇ ਇਹ ਪੁੱਛਣ ਕਿ ਕੀ ਭਾਰਤ ਵਿਚ ਵਪਾਰ ਕਰਨਾ ਅਸਲ ਵਿਚ ਹੀ ਆਸਾਨ ਹੋਇਆ ਹੈ?