ਸਿੱਕਮ ਦੇ ਗੁਰਧਾਮਾਂ ਦੀ ਹੋਂਦ ਬਚਾਉਣ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਉਪਰਾਲੇ ਕਾਬਲੇ ਤਾਰੀਫ਼
ਸਿੱਕਮ ਦੇ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਗੁਰਦਵਾਰਾ ਕਮੇਟੀ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ
ਨਵੀਂ ਦਿੱਲੀ, 7 ਸਤੰਬਰ (ਸੁਖਰਾਜ ਸਿੰਘ): ਸਿੱਕਮ ਦੇ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਗੁਰਦਵਾਰਾ ਕਮੇਟੀ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਿਤਾ ਵਿਹਾਰ ਇਲਾਕੇ ਤੋਂ ਮੈਂਬਰ ਸ. ਹਰਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਉਕਤ ਪਵਿੱਤਰ ਗੁਰਦਵਾਰਾ ਸਾਹਿਬ ਨੇੜੇ ਸਿੱਖਾਂ ਦੀ ਗਿਣਤੀ ਬੇਸ਼ਕ ਘੱਟ ਹੈ ਪਰ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਇਸ ਅਸਥਾਨ ਨਾਲ ਜੁੜੀਆਂ ਹੋਈਆਂ ਹਨ ਕਿ ਇਸ ਗੁਰਦਵਾਰਾ ਸਾਹਿਬ ਦੀ ਹੋਂਦ ਹਰ ਹਾਲਾਤ 'ਚ ਬਰਕਰਾਰ ਰਹਿਣੀ ਚਾਹੀਦੀ ਹੈ। ਸ. ਹਰਜੀਤ ਸਿੰਘ ਨੇ ਦਸਿਆ ਕਿ 1991 ਵਿੱਚ ਸਿੱਕਮ ਸਰਕਾਰ ਵਲੋਂ ਗੁਰੂ ਡਾਂਗਮਾਰ ਝੀਲ 'ਤੇ ਬਣੇ ਧਾਰਮਕ ਸਥਾਨਾਂ ਨੂੰ ਸਰਬ ਧਰਮ ਥਾਂ ਵਜੋਂ ਮਾਨਤਾ ਦਿੱਤੀ ਗਈ ਸੀ। ਇਸੇ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵੇਲੇ ਦਿੱਤੀ ਗਈ ਮਾਨਤਾ ਦੀ ਕਦਰ ਕਰਦੇ ਹੋਏ ਉਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੜ ਪ੍ਰਕਾਸ਼ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਗੁਰਦਵਾਰਾ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿੱਚ ਸਿੱਖਾਂ ਦੇ ਇਕ ਵਫ਼ਦ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰੰਘ ਨਾਲ ਦੋ ਵਾਰ ਮੁਲਾਕਾਤ ਕਰ ਚੁੱਕਾ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਯਤਨ ਜਾਰੀ ਹਨ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਹੋ ਸਕੇ। ਸ. ਹਰਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਬੀਤੇ ਦਿਨੀਂ ਦਿੱਲੀ ਗੁਰਦਵਾਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵਫ਼ਦ ਵਲੋਂ ਸਿੱਕਮ ਦੇ ਮੁੱਖ ਮੰਤਰੀ ਪਵਨ ਚਾਂਮਲਿੰਗ ਨਾਲ ਉਪਰੋਕਤ ਮੁੱਦੇ ਸਬੰਧੀ ਗੱਲਬਾਤ ਕੀਤੀ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਮਸਲੇ ਦੇ ਹੱਲ ਲਈ 3 ਮੈਂਬਰੀ ਕਮੇਟੀ ਗਠਤ ਕਰਨ ਦਾ ਯਕੀਨ ਦਿਵਾਇਆ।