ਸੁਖਬੀਰ ਨੇ ਬਣਾਈ ਆਰਐਸਐਸ ਦੇ ਸਮਾਗਮ ਤੋਂ ਦੂਰੀ
ਭਾਵੇਂ ਰਾਸ਼ਟਰੀ ਸਿੱਖ ਸੰਗਤ ਦੇ ਵਿਵਾਦਾਂ ਵਿਚ ਘਿਰੇ ਸਮਾਗਮ ਨੂੰ ਲੈ ਕੇ
ਨਵੀਂ ਦਿੱਲੀ, 24 ਅਕਤੂਬਰ (ਅਮਨਦੀਪ ਸਿੰਘ) : ਭਾਵੇਂ ਰਾਸ਼ਟਰੀ ਸਿੱਖ ਸੰਗਤ ਦੇ ਵਿਵਾਦਾਂ ਵਿਚ ਘਿਰੇ ਸਮਾਗਮ ਨੂੰ ਲੈ ਕੇ, ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਹਿਲਾਂ ਖੁੱਲ੍ਹ ਕੇ ਸਾਹਮਣੇ ਆ ਕੇ, ਅਪਣਾ ਸਟੈਂਡ ਸਪਸ਼ਟ ਨਾ ਕਰਨ ਤੇ ਪਿਛੋਂ ਅਕਾਲ ਤਖਤ ਦੇ ਹੁਕਮਨਾਮੇ ਦਾ ਹਵਾਲਾ ਦੇ ਕੇ, ਸਿੱਖਾਂ ਵਿਚ ਅਪਣੀ ਸਾਖ ਕਾਇਮ ਰੱਖਣ ਦੀ ਅਪਣਾਈ ਜਾ ਰਹੀ ਨੀਤੀ ਨੇ ਪੰਥਕ ਹਲਕਿਆਂ ਵਿਚ ਇਹ ਚਰਚਾ ਮੁੜ ਛੇੜ ਦਿਤੀ ਹੋਈ ਹੈ ਕਿ ਅਕਾਲੀਆਂ ਵਲੋਂ ਅਪਣੇ ਮੁਫ਼ਾਦਾਂ ਲਈ ਹੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਦਾ ਸਹਾਰਾ ਲਿਆ ਜਾਂਦਾ ਹੈ। ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਤਿਹਾਸ ਵੇਖੀਏ ਤਾਂ ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਰਾਸ਼ਟਰੀ ਸਿੱਖ ਸੰਗਤ ਦੇ ਮਸਲੇ 'ਤੇ ਅਕਾਲੀਆਂ ਨੂੰ ਕਸੂਤੇ ਫਸਣਾ ਪਿਆ ਹੋਵੇ, ਬਲਕਿ ਸਿੱਖਾਂ ਦਾ ਜਾਗਰੂਕ ਤਬਕਾ ਲੰਮੇਂ ਅਰਸੇ ਤੋਂ ਬਾਦਲਾਂ ਦੇ ਆਰ.ਐਸ.ਐਸ. ਨਾਲ ਰਿਸ਼ਤਿਆਂ ਨੂੰ ਨਾ ਪਸੰਦ ਕਰਦਾ ਆਇਆ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਨੂੰ ਲੈ ਕੇ ਪਹਿਲਾਂ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਨੂੰ ਸਮਾਗਮ ਵਿਚ ਨਾ ਜਾਣ ਦੀ ਸਪਸ਼ਟ ਹਦਾਇਤ ਦੇਣਾ ਤੇ ਫਿਰ ਅਕਾਲ ਤਖਤ ਤੋਂ ਐਨ ਆਖਰੀ ਮੌਕੇ, ਇਹ ਸਪਸ਼ਟੀਕਰਨ ਜਾਰੀ ਕਰਨਾ ਕਿ ਰਾਸ਼ਟਰੀ ਸਿੱਖ ਸੰਗਤ ਖ਼ਿਲਾਫ਼ 2004 ਦਾ ਉਹ ਹੁਕਮਨਾਮਾ ਜਿਸ ਵਿਚ ਇਸ ਜੱਥੇਬੰਦੀ ਨੂੰ ਪੰਥ ਵਿਰੋਧੀ ਜਮਾਤ ਐਲਾਨਿਆ ਗਿਆ ਹੋਇਆ ਹੈ, ਉਹ ਪੂਰੀ ਤਰ੍ਹਾਂ ਅੱਜ ਵੀ ਲਾਗੂ ਹੈ, ਦਰਅਸਲ ਇਹ ਅਕਾਲੀਆਂ ਦੀ ਦੋਹਰੀ ਰਣਨੀਤੀ ਹੈ,
ਕਿਉਂਕਿ ਅੱਜ ਅਕਾਲੀਆਂ ਕੋਲ ਪੰਜਾਬ ਦੀ ਸੱਤਾ ਨਹੀਂ ਹੈ ਤੇ ਉਹ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦਵਾਰਾ ਕਮੇਟੀ ਤੇ ਅਕਾਲ ਤਖਤ ਰਾਹੀਂ ਹੀ ਅਪਣੀ ਸਿਆਸਤ ਕਰ ਰਹੇ ਹਨ, ਅਤੇ ਜੇ ਅੱਜ ਸੁਖਬੀਰ ਸਿੰਘ ਬਾਦਲ ਰਾਸ਼ਟਰੀ ਸਿੱਖ ਸੰਗਤ ਦਾ ਦਬੀ ਜ਼ਬਾਨ ਨਾਲ ਵਿਰੋਧ ਨਾ ਕਰਦੇ ਤਾਂ ਇਸਦਾ ਖਮਿਆਜ਼ਾ ਸਿਧੇ ਤੌਰ 'ਤੇ ਬਾਦਲ ਦਲ ਨੂੰ ਵੱਡੇ ਸਿੱਖ ਵੋਟ ਬੈਂਕ ਦੇ ਹੱਥੋਂ ਖੁੱਸਣ ਦੇ ਵਜੋਂ ਹੀ ਵੇਖ ਰਹੇ ਹਨ। ਭਾਜਪਾ ਦੇ ਸਿੱਖ ਸੈੱਲ ਵਲੋਂ ਪਹਿਲਾਂ ਹੀ ਅਕਾਲੀਆਂ ਕੋਲੋਂ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਵਿਚ ਸੀਟਾਂ ਦੀ ਮੰਗ ਕਰ ਦੇਣ ਪਿਛੋਂ ਸ.ਸੁਖਬੀਰ ਸਿੰਘ ਬਾਦਲ ਨੇ ਵੀ ਭਾਜਪਾ ਨਾਲ ਅਕਾਲੀ ਦਲ ਦੇ ਰਿਸ਼ਤਿਆਂ ਦੀ ਪਰਵਾਹ ਨਾ ਕਰਦੇ ਹੋਏ ਹੋਰ ਹੀ ਰਣਨੀਤੀ ਅਪਣਾ ਲਈ ਹੋਈ ਹੈ, ਜਿਸ ਕਰ ਕੇ, ਹੀ ਰਾਸ਼ਟਰੀ ਸਵੈਮ ਸੇਵਕ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਨਾਲ ਰਿਸ਼ਤੇ ਨਿਭਾਉਣ ਵਾਲਾ ਅਕਾਲੀ ਦਲ ਅੱਜ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਬਾਰੇ ਅਕਾਲ ਤਖਤ ਦੇ ਹੁਕਮਨਾਮੇ ਦੇ ਹਵਾਲੇ ਦੇ ਰਿਹਾ ਹੈ। ਪੁਲਿਸ ਦੇ ਜ਼ੋਰ ਨਾਲ ਪ੍ਰੋ.ਦਰਸ਼ਨ ਸਿੰਘ ਦੇ ਕੀਰਤਨ ਦਾ ਵਿਰੋਧ ਪਰ ਹੋਰ ਮਸਲਿਆਂ 'ਤੇ ਮੌਨ ਦਿੱਲੀ ਕਮੇਟੀ:- ਸਿੱਖ ਹਲਕਿਆਂ ਵਿਚ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦ ਪਿਛਲ਼ੇ ਸਾਲ ਦਸੰਬਰ 2016 'ਚ ਗਾਜ਼ੀਆਬਾਦ ਵਿਚ ਪ੍ਰੋ.ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਹੋਣੇ ਸਨ, ਉਦੋਂ ਤਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਉਚੇਤੇ ਤੌਰ 'ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਦੇ ਕੇ, ਅਕਾਲ ਤਖਤ ਦੇ ਹੁਕਮਨਾਮੇ ਦਾ ਹਵਾਲਾ ਦੇ ਕੇ, ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਰੁਕਵਾਉਣ ਲਈ ਲੋੜੀਂਦੀ ਪੁਲਿਸ ਫੋਰਸ ਦੀ ਮੰਗ ਕੀਤੀ ਸੀ ਤੇ ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ, ਜੋ ਹੁਣ ਭਾਜਪ-ਅਕਾਲੀ ਦਲ ਦੇ ਕੋਂਸਲਰ ਹਨ, ਨੇ 21 ਫ਼ਰਵਰੀ 2014 ਵਿਚ ਦਿੱਲੀ ਵਿਚ ਪ੍ਰੋ.ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਰੁਕਵਾਉਣ ਲਈ ਪੂਰਾ ਜ਼ੋਰ ਲਾਇਆ ਸੀ, ਜਦ ਕਿ ਸੰਗਤ ਕੀਰਤਨ ਸੁਣਨਾ ਚਾਹੁੰਦੀ ਸੀ। ਪਰ ਹੁਣ ਜਦੋਂ ਇਨ੍ਹਾਂ ਦਾ ਵੱਸ ਨਹੀਂ ਚਲਿਆ ਤਾਂ ਇਹ ਰਾਸ਼ਟਰੀ ਸਿੱਖ ਸੰਗਤ ਦੇ ਮਸਲੇ 'ਤੇ ਅਪਣਾ ਬਚਾਅ ਹੀ ਕਰਦੇ ਵੇਖੇ ਜਾ ਸਕਦੇ ਹਨ।ਪੰਥਕ ਹਲਕਿਆਂ ਵਿਚ ਇਹ ਵੀ ਚਰਚਾਵਾਂ ਹਨ ਕਿ ਰਾਸ਼ਟਰੀ ਸਿੱਖ ਸੰਗਤ ਕੋਈ ਪਹਿਲੀ ਵਾਰ ਤਾਂ ਕਿਸੇ ਗੁਰੂ ਸਾਹਿਬਾਨ ਦਾ ਪੁਰਬ ਤਾਂ ਨਹੀਂ ਮਨਾ ਰਹੀ, ਇਸ ਤੋਂ ਪਹਿਲਾਂ ਵੀ ਉਹ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਛੋਟੇ ਵੱਡੇ ਸਮਾਗਮ ਕਰ ਚੁਕੀ ਹੈ ਤੇ 1999 ਖਾਲਸਾ ਤ੍ਰੈ ਸ਼ਤਾਬਦੀ ਵੇਲੇ ਵੀ ਆਰ.ਐਸ.ਐਸ. ਨੇ ਸਮਾਗਮ ਕੀਤੇ ਸਨ ਜਿਨ੍ਹਾਂ ਵਿਚ ਬਾਦਲ ਦਲ ਵੀ ਸ਼ਾਮਲ ਹੋਇਆ ਸੀ, ਪਰ ਹੁਣ ਅਕਾਲੀਆਂ ਦੇ ਦੋਹਰੇ ਕਿਰਦਾਰ ਨੂੰ ਪੰਥਕ ਹਲਕਿਆਂ ਵਿਚ ਹੈਰਾਨੀ ਨਾਲ ਵੇਖਿਆ ਜਾ ਰਿਹਾ ਹੈ।