.. ਤਾਂ ਸਮਰਥਕਾਂ ਨਾਲ ਹਿੰਦੂ ਧਰਮ ਤਿਆਗ ਕੇ ਅਪਣਾ ਲਵਾਂਗੀ ਬੁੱਧ ਧਰਮ: ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਭਾਜਪਾ ਨੂੰ 'ਖੁਲ੍ਹੀ ਚੇਤਾਵਨੀ' ਦਿੰਦਿਆਂ ਕਿਹਾ ਕਿ ਜੇ ਉਸ ਨੇ ਦਲਿਤਾਂ, ਆਦਿਵਾਸੀਆਂ ਅਤੇ ਪਛੜਿਆਂ

Mayawati

ਆਜ਼ਮਗੜ੍ਹ, 24 ਅਕਤੂਬਰ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਭਾਜਪਾ ਨੂੰ 'ਖੁਲ੍ਹੀ ਚੇਤਾਵਨੀ' ਦਿੰਦਿਆਂ ਕਿਹਾ ਕਿ ਜੇ ਉਸ ਨੇ ਦਲਿਤਾਂ, ਆਦਿਵਾਸੀਆਂ ਅਤੇ ਪਛੜਿਆਂ ਪ੍ਰਤੀ ਅਪਣੀ ਸੋਚ ਨਾ ਬਦਲੀ ਤਾਂ ਉਹ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾ ਲਵੇਗੀ। ਮਾਇਆਵਤੀ ਨੇ ਇਥੇ ਪਾਰਟੀ ਦੀ ਰੈਲੀ ਵਿਚ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਹਿੰਦੂ ਧਰਮ ਦੀ ਵਰਣ ਵਿਵਸਥਾ ਤਹਿਤ ਦਲਿਤਾਂ ਅਤੇ ਦਬੇ ਕੁਚਲਿਆਂ ਨਾਲ ਭੇਦਭਾਵ ਨੂੰ ਵੇਖ ਕੇ ਤਤਕਾਲੀਨ ਸ਼ੰਕਰਾਚਾਰਿਆ ਅਤੇ ਸੰਤਾਂ ਨੂੰ ਮਜ਼ਹਬੀ ਵਿਵਸਥਾ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਕਿਹਾ ਸੀ ਪਰ ਅਜਿਹਾ ਨਹੀਂ ਹੋਇਆ।  ਇਸੇ ਕਾਰਨ ਅੰਬੇਦਕਰ ਨੇ ਅਪਣੀ ਮੌਤ ਤੋਂ ਕੁੱਝ ਸਮਾਂ ਪਹਿਲਾਂ ਨਾਗਪੁਰ ਵਿਚ ਅਪਣੇ ਚੇਲਿਆਂ ਨਾਲ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾ ਲਿਆ ਸੀ। ਇਸ ਦੇ ਬਾਵਜੂਦ ਹਿੰਦੂ ਧਰਮ ਦੀਆਂ ਕਮੀਆਂ ਨੂੰ ਦੂਰ ਨਹੀਂ ਕੀਤਾ ਗਿਆ।

 ਉਨ੍ਹਾਂ ਕਿਹਾ, 'ਮੈਂ ਭਾਜਪਾ ਨੂੰ ਖੁਲ੍ਹੀ ਚੇਤਾਵਨੀ ਦਿੰਦੀ ਹਾਂ ਕਿ ਜੇ ਉਨ੍ਹਾਂ ਨੇ ਦਲਿਤਾਂ, ਆਦਿਵਾਸੀਆਂ, ਪਛੜਿਆਂ ਅਤੇ ਧਰਮ ਬਦਲਣ ਵਾਲੇ ਲੋਕਾਂ ਪ੍ਰਤੀ ਅਪਣੀ ਜਾਤੀਵਾਦੀ ਅਤੇ ਫ਼ਿਰਕੂ ਸੋਚ ਨਾ ਬਦਲੀ ਤਾਂ ਮੈਨੂੰ ਵੀ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾਉਣਾ ਪਵੇਗਾ।' ਬਸਪਾ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਰਨ ਤੋਂ ਪਹਿਲਾਂ ਉਹ ਸ਼ੰਕਰਾਚਾਰਿਆ ਅਤੇ ਭਾਜਪਾਈਆਂ ਨੂੰ ਅਪਣੀ ਸੋਚ ਬਦਲਣ ਦਾ ਮੌਕਾ ਦੇ ਰਹੀ ਹੈ, ਨਹੀਂ ਤਾਂ ਉਹ ਅਪਣੇ ਸਾਥੀਆਂ ਨਾਲ ਢੁਕਵੇਂ ਸਮੇਂ 'ਤੇ ਹਿੰਦੂ ਧਰਮ ਦਾ ਤਿਆਗ ਕਰ ਕੇ ਬੁੱਧ ਧਰਮ ਅਪਣਾ ਲਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੇ ਉਸ ਦੀ ਹਤਿਆ ਦੀ ਸਾਜ਼ਸ਼ ਰਚੀ ਸੀ। ਮਾਇਆਵਤੀ ਨੇ ਭਾਜਪਾ ਵਿਰੁਧ ਆਰਐਸਐਸ ਦੇ ਜਾਤੀਵਾਦੀ ਏਜੰਡੇ ਨੂੰ ਅੱਗੇ ਵਧਾਉਂਦਿਆਂ ਹੈਦਰਾਬਾਦ ਵਿਚ ਰੋਹਿਤ ਵੇਮੁਲਾ ਕਾਂਡ ਅਤੇ ਗੁਜਰਾਤ ਵਿਚ ਊਨਾ ਕਾਂਡ ਕਰਾਉਣ ਦਾ ਦੋਸ਼ ਲਾਇਆ। ਮਾਇਆਵਤੀ ਨੇ ਕਿਹਾ ਕਿ ਜਦ ਉਸ ਨੇ ਇਸ ਮਾਮਲੇ ਨੂੰ ਰਾਜ ਸਭਾ ਵਿਚ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬੋਲਣ ਨਹੀਂ ਦਿਤਾ ਗਿਆ। ਫਿਰ ਉਸ ਨੇ ਅੰਬੇਦਕਰ ਦੇ ਨਕਸ਼ੇ ਕਦਮ 'ਤੇ ਚਲਦਿਆਂ ਰਾਜ ਸਭਾ ਤੋਂ ਅਸਤੀਫ਼ਾ ਦੇ ਦਿਤਾ। (ਏਜੰਸੀ)