ਯਮਨ 'ਚ ਅਗ਼ਵਾ ਭਾਰਤੀ ਪਾਦਰੀ ਨੂੰ ਆਈ.ਐਸ. ਤੋਂ ਆਜ਼ਾਦ ਕਰਵਾਇਆ ਡੇਢ ਸਾਲ ਪਹਿਲਾਂ ਕੀਤਾ ਗਿਆ ਸੀ ਅਗ਼ਵਾ
ਯਮਨ 'ਚ ਅਤਿਵਾਦੀ ਸੰਗਠਨ ਆਈ.ਐਸ. ਵਲੋਂ ਬੰਦੀ ਬਣਾਏ ਗਏ ਕੇਰਲ ਦੇ ਈਸਾਈ ਪਾਦਰੀ ਫ਼ਾਦਰ ਟੌਮ ਉਜੁਨਾਲਿਲ ਨੂੰ ਰਿਹਾਅ ਕਰਵਾ ਲਿਆ ਗਿਆ ਹੈ।
ਨਵੀਂ ਦਿੱਲੀ, 12 ਸਤੰਬਰ : ਯਮਨ 'ਚ ਅਤਿਵਾਦੀ ਸੰਗਠਨ ਆਈ.ਐਸ. ਵਲੋਂ ਬੰਦੀ ਬਣਾਏ ਗਏ ਕੇਰਲ ਦੇ ਈਸਾਈ ਪਾਦਰੀ ਫ਼ਾਦਰ ਟੌਮ ਉਜੁਨਾਲਿਲ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਫ਼ਾਦਰ ਟੌਮ ਅਦਨ 'ਚ ਰਹਿ ਰਹੇ ਸਨ ਜਿਥੋਂ ਆਈ.ਐਸ. ਨੇ ਉਨ੍ਹਾਂ ਨੂੰ 18 ਮਹੀਨੇ ਪਹਿਲਾਂ ਮਾਰਚ 2016 'ਚ ਅਗ਼ਵਾ ਕਰ ਲਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਰਿਹਾਈ ਦੀ ਪੁਸ਼ਟੀ ਕੀਤੀ।
ਵਿਦੇਸ਼ ਮੰਤਰੀ ਨੇ ਦਸਿਆ ਕਿ ਫ਼ਾਦਰ ਟੌਮ ਨੂੰ ਓਮਾਨ ਸਰਕਾਰ ਦੀ ਮਦਦ ਨਾਲ ਆਈ.ਐਸ. ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਗਿਆ ਹੈ। ਉਹ ਮੂਲ ਤੌਰ 'ਤੇ ਕੇਰਲ ਦੇ ਪਾਦਰੀ ਹਨ। ਫ਼ਾਦਰ ਟੌਮ ਨੇ ਕਿਹਾ ਕਿ ਅਗ਼ਵਾਕਾਰਾਂ ਨੇ ਅਪਣੀਆਂ ਮੰਗਾਂ ਲਈ ਭਾਰਤ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ 'ਚ ਕੈਥੋਲਿਕ ਬਿਸ਼ਪ ਨਾਲ ਸੰਪਰਕ ਕੀਤਾ ਸੀ। ਟੌਮ ਕਈ ਵਾਰ ਅਪਣੀਆਂ ਵੀਡੀਉਜ਼ ਜਾਰੀ ਕਰ ਕੇ ਮਦਦ ਦੀ ਅਪੀਲ ਕਰ ਚੁਕੇ ਸਨ। ਉਨ੍ਹਾਂ ਨੇ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਸੀ, ''ਕ੍ਰਿਪਾ ਕਰ ਕੇ ਮੈਨੂੰ ਰਿਹਾਅ ਕਰਨ ਲਈ ਤੁਸੀਂ ਜੋ ਕਰ ਸਕਦੇ ਹੋ, ਕਰੋ।''
ਟੌਮ ਨੂੰ ਓਮਾਨ ਦੇ ਸੁਲਤਾਨ ਕਬੂਸ ਬਿਨ ਸਈਦ ਅਲ ਸਈਦ ਦੀ ਮਦਦ ਨਾਲ ਬਚਾਇਆ ਜਾ ਸਕਿਆ। ਸੁਰੱਖਿਅਤ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਯਮਨ ਦੀ ਰਾਜਧਾਨੀ ਮਸਕਟ ਲਿਆਂਦਾ ਗਿਆ। ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਖ਼ੁਸ਼ੀ ਪ੍ਰਗਟਾਈ ਹੈ। ਵਿਜਯਨ ਨੇ ਮਲਯਾਲਮ 'ਚ ਅਪਣੇ ਫ਼ੇਸਬੁਕ ਪੋਸਟ 'ਚ ਲਿਖਿਆ, ''ਅਤਿਵਾਦੀਆਂ ਵਲੋਂ ਬੰਦੀ ਬਣਾਏ ਫ਼ਾਦਰ ਟੌਮ ਦੀ ਰਿਹਾਈ ਖ਼ੁਸ਼ ਕਰਨ ਵਾਲੀ ਖ਼ਬਰ ਹੈ। ਮੈਨੂੰ ਪਤਾ ਹੈ ਕਿ ਓਮਾਨ ਸਰਕਾਰ ਦੀ ਦਖ਼ਲਅੰਦਾਜੀ ਮਗਰੋਂ ਫ਼ਾਦਰ ਦੀ ਰਿਹਾਈ ਸੰਭਵ ਹੋ ਸਕੀ ਹੈ। ਅਸੀਂ ਫ਼ਾਦਰ ਟੌਮ ਦੀ ਕੇਰਲ ਵਾਪਸੀ ਲਈ ਹਰ ਸੰਭਵ ਮਦਦ ਕਰਾਂਗੇ ਅਤੇ ਉਨ੍ਹਾਂ ਦਾ ਇਲਾਜ ਵੀ ਕਰਾਵਾਂਗੇ।''
ਜ਼ਿਕਰਯੋਗ ਹੈ ਕਿ ਆਈ.ਐਸ. ਅਤਿਵਾਦੀ ਮਾਰਚ 2016 'ਚ ਅਦਨ ਵਿਖੇ ਮਿਸ਼ਨਰੀਜ਼ ਆਫ਼ ਚੈਰਿਟੀ ਦੇ ਆਸ਼ਰਮ 'ਚ ਦਾਖ਼ਲ ਹੋ ਗਏ ਸਨ। ਅੰਦਰ ਜਾ ਕੇ ਅਤਿਵਾਦੀਆਂ ਨੇ ਗੋਲੀਬਾਰੀ ਕਰ ਦਿਤੀ ਜਿਸ 'ਚ ਚਾਰ ਭਾਰਤੀ ਔਰਤਾਂ ਸਮੇਤ ਕੁਲ 16 ਲੋਕ ਮਾਰੇ ਗਏ ਸਨ। ਫ਼ਾਦਰ ਟੌਮ ਉਸ ਸਮੇਂ ਉਥੇ ਪਾਦਰੀ ਵਜੋਂ ਨਿਯੁਕਤ ਸਨ। ਅਤਿਵਾਦੀਆਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ ਅਤੇ ਉਦੋਂ ਤੋਂ ਹੀ ਯਮਨ 'ਚ ਆਈ.ਐਸ. ਦੇ ਕਬਜ਼ੇ 'ਚ ਸਨ। (ਪੀਟੀਆਈ)