ਤੇਜ਼ਾਬ ਪੀੜਤ ਅਮਨਪ੍ਰੀਤ ਕੌਰ ਦੀ ਪੈਨਸ਼ਨ ਲਗਾਉਣ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਰੋਜ਼ਾਨਾ ਸਪੋਕਸਮੈਨ ਵਲੋਂ ਸਥਾਨਕ ਸ਼ਹਿਰ ਦੀ ਤੇਜ਼ਾਬ ਪੀੜਤਾ ਅਮਨਪ੍ਰੀਤ ਕੌਰ...

AmanPreet Kaur

ਬਠਿੰਡਾ, 18 ਅਗੱਸਤ (ਸੁਖਜਿੰਦਰ ਮਾਨ) : ਬੀਤੇ ਦਿਨੀਂ ਰੋਜ਼ਾਨਾ ਸਪੋਕਸਮੈਨ ਵਲੋਂ ਸਥਾਨਕ ਸ਼ਹਿਰ ਦੀ ਤੇਜ਼ਾਬ ਪੀੜਤਾ ਅਮਨਪ੍ਰੀਤ ਕੌਰ ਦੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁਕਣ ਦਾ ਗੰਭੀਰ ਨੋਟਿਸ ਲੈਂਦਿਆਂ ਸਮਾਜਕ ਸੁਰੱਖਿਆ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਬਠਿੰਡਾ ਦੀ ਤੇਜ਼ਾਬੀ ਹਮਲੇ ਦੀ ਪੀੜਤ ਅਮਨਪ੍ਰੀਤ ਕੌਰ ਸਬੰਧੀ ਮੀਡੀਆ ਰੀਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਵਲੋਂ ਸ਼ੂਰੂ ਕੀਤੀ ਗਈ ਵਿਸ਼ੇਸ਼ ਸਕੀਮ ਅਧੀਨ 8,000 ਰੁਪਏ ਪੈਨਸ਼ਨ ਲਗਾਉਣ ਦੇ ਆਦੇਸ਼ ਦਿਤੇ ਹਨ।
ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਸਥਾਨਕ ਸਮਾਜਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪਹਿਲਕਦਮੀ ਕਰਦੇ ਹੋਏ ਨਾ ਸਿਰਫ਼ ਤੇਜ਼ਾਬ ਪੀੜਤਾ ਨੂੰ ਪੈਨਸ਼ਨ ਲਗਾਉਣ ਸਬੰਧੀ ਬਣੀ ਕਮੇਟੀ ਤੋਂ ਇਸ ਕੇਸ ਦੀ ਅਗਾਉਂ ਪ੍ਰਵਾਨਗੀ ਲੈ ਲਈ ਹੈ, ਬਲਕਿ ਬਠਿੰਡਾ ਦੇ ਸਿਹਤ ਅਧਿਕਾਰੀਆਂ ਨੂੰ ਮੈਡੀਕਲ ਸਰਟੀਫ਼ੀਕੇਟ ਬਣਾਉਣ ਲਈ ਕਿਹਾ ਹੈ। ਗੌਰਤਲਬ ਹੈ ਕਿ ਪੀੜਤ ਲੜਕੀ ਅਤੇ ਉਸ ਦੇ ਪਿਤਾ ਕੀਰਤਨ ਸਿੰਘ ਨੇ ਦੋਸ਼ ਲਗਾਇਆ ਸੀ ਕਿ ਸਥਾਨਕ ਸਿਵਲ ਹਸਪਤਾਲ ਦੇ ਡਾਕਟਰ 40 ਫ਼ੀ ਸਦੀ ਮੈਡੀਕਲ ਸਰਟੀਫ਼ੀਕੇਟ ਬਣਾਉਣ ਤੋਂ ਆਨਾਕਾਨੀ ਕਰ ਰਹੇ ਹਨ, ਜਦੋਂ ਕਿ ਪੀੜਤ ਅਮਨਪ੍ਰੀਤ ਕੌਰ ਤੇਜ਼ਾਬ ਕਾਰਨ 90 ਫ਼ੀ ਸਦੀ ਤੋਂ ਵੱਧ ਉਸ ਦਾ ਚਿਹਰਾ, ਅੱਖਾਂ ਅਤੇ ਕੰਨ ਆਦਿ ਖ਼ਤਮ ਹੋ ਗਏ ਹਨ।
ਰੋਜ਼ਾਨਾ ਸਪੋਕਸਮੈਨ ਵਲੋਂ ਆਜ਼ਾਦੀ ਦਿਵਸ ਮੌਕੇ ਇਸ ਮਾਮਲੇ ਸਬੰਧੀ ਨਾ ਸਿਰਫ਼ ਖ਼ਬਰ ਛਾਪੀ ਸੀ, ਬਲਕਿ ਸਪੋਕਸਮੈਨ ਟੀਵੀ ਵਿਚ ਲੜਕੀ ਦੀ ਦੁਰਦਸ਼ਾ ਵੀ ਬਿਆਨ ਕੀਤੀ ਸੀ ਜਿਸ ਤੋਂ ਬਾਅਦ ਮੰਤਰੀ ਨੇ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਅਹਿਮ ਰਾਹਤ ਸਕੀਮ ਦਾ ਮੰਤਵ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਜਿਸ ਲਈ ਪੀੜਤ ਨੂੰ 8,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤੇਜ਼ਾਬ ਦੇ ਹਮਲੇ ਨਾਲ 40 ਫ਼ੀ ਸਦੀ ਜਾਂ ਉਸ ਤੋਂ ਵੱਧ ਅਪੰਗ ਪੀੜਤ ਇਹ ਵਿੱਤੀ ਸਹਾਇਤਾ ਲੈਣ ਦਾ ਹੱਕਦਾਰ ਹੈ। ਵਿੱਤੀ ਸਹਾਇਤਾ ਲੈਣ ਲਈ ਪੀੜਤ ਕੋਲ ਅਪੰਗਤਾ ਸਰਟੀਫ਼ੀਕੇਟ ਹੋਣਾ ਲਾਜ਼ਮੀ ਹੈ।
ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਨਵੀਨ ਗੜਵਾਲ ਨੇ ਅਮਨਪ੍ਰੀਤ ਕੌਰ ਦੇ ਪੈਨਸ਼ਨ ਕੇਸ ਦੀ ਪ੍ਰਵਾਨਗੀ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਸਰਟੀਫ਼ੀਕੇਟ ਜਲਦ ਤੋਂ ਜਲਦ ਬਣਾਉਣ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ ਪੀੜਤ ਵਾਸਤੇ ਸਰਕਾਰ ਤੋਂ ਬਜਟ ਮੰਗ ਲਿਆ ਜਾਵੇਗਾ।