ਮੋਦੀ ਦੀ ਰੈਲੀ ਤੋਂ ਪਹਿਲਾਂ ਪੰਜਾਬ ਬੀਜੇਪੀ ਦਾ ਅੰਦਰੂਨੀ ਕਲੇਸ਼ ਜੱਗ ਜ਼ਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਜਨਵਰੀ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਨੂੰ ਲੈ ਕੇ ਭਾਜਪਾ ਦੀ ਅੰਦਰੂਨੀ ਕਲੇਸ਼ਬਾਜ਼ੀ ਜੱਗ-ਜ਼ਾਹਰ ਹੁੰਦੀ ਜਾ ਰਹੀ ਹੈ.......

Swaran Salaria

ਗੁਰਦਾਸਪੁਰ : 3 ਜਨਵਰੀ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਨੂੰ ਲੈ ਕੇ ਭਾਜਪਾ ਦੀ ਅੰਦਰੂਨੀ ਕਲੇਸ਼ਬਾਜ਼ੀ ਜੱਗ-ਜ਼ਾਹਰ ਹੁੰਦੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਲੋਕ ਸਭਾ ਹਲਕੇ ਤੋਂ ਕਰੀਬ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਹਾਰਨ ਵਾਲੇ ਭਾਜਪਾ ਆਗੂ ਸਵਰਨ ਸਲਾਰੀਆ ਵਲੋਂ ਪਾਰਟੀ ਤੋਂ ਬਾਗੀ ਹੁੰਦਿਆਂ ਰੈਲੀ ਦੀ ਕਮਾਂਡ ਅਪਣੇ ਹੱਥਾਂ ਵਿਚ ਲੈਣ ਦੇ ਅਸਫ਼ਲ ਯਤਨਾਂ ਕਾਰਨ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਤੇ ਹੋਰ ਕੇਂਦਰੀ ਆਗੂ ਨਿਰਾਸ਼ ਹਨ। ਪੰਜਾਬ ਬੀਜੇਪੀ ਹਾਈਕਮਾਂਡ ਨੇ ਰੈਲੀ ਦੀ ਜ਼ਿੰਮੇਵਾਰੀ ਅਪਣੇ ਮੋਢਿਆਂ ਉਤੇ ਚੁੱਕੀ ਹੋਈ ਹੈ।

ਜ਼ਿਲ੍ਹਾ ਭਾਜਪਾ ਪ੍ਰਧਾਨ ਬਾਲਕਿਸ਼ਨ ਮਿੱਤਲ ਵੀ ਮੋਦੀ ਦੀ ਰੈਲੀ ਨੂੰ ਲੈ ਕੇ ਨਿਰਾਸ਼ ਹਨ ਕਿਉਂਕਿ ਜ਼ਿਲ੍ਹਾ ਪ੍ਰਧਾਨ ਹੋਣ ਦੇ ਬਾਵਜੂਦ  ਮਿੱਤਲ ਨੂੰ ਰੈਲੀ ਸਬੰਧੀ ਤਿਆਰੀਆਂ ਵਿਚ ਬੁਲਾਇਆ ਤਕ ਨਹੀਂ ਗਿਆ। ਇਹੀ ਨਹੀਂ ਉਹਨਾਂ ਦੀਆਂ ਤਸਵੀਰਾਂ ਵੀ ਪਾਰਟੀ ਦੇ ਫਲੈਕਸਾਂ ਤੋਂ ਗਾਇਬ ਹਨ। ਇਸ ਸਬੰਧੀ ਕਈ ਵਾਰ ਮਿੱਤਲ ਦਾ ਪੱਖ ਜਾਨਣ ਲਈ ਉਹਨਾਂ ਦੇ ਮੋਬਾਈਲ ਫੋਨ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦਾ ਫੋਨ ਪਿਛਲੇ ਤਿੰਨ ਚਾਰ ਦਿਨਾਂ ਤੋਂ ਬੰਦ ਆ ਰਿਹਾ ਹੈ।

ਗੁਰਦਾਸਪੁਰ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਲਾਏ ਗਏ ਸਾਰੇ ਫਲੈਕਸਾਂ ਵਿਚ ਮਿੱਤਲ ਦੀ ਤਸਵੀਰ ਦਾ ਗਾਇਬ ਹੋਣਾ ਭਾਜਪਾ ਦੀ ਅੰਦਰੂਨੀ ਧੜੇਬਾਜ਼ੀ ਦੇ ਹੀ ਸੰਕੇਤ ਹਨ। ਇਹ ਵੀ ਪਤਾ ਲੱਗਾ ਹੈ ਕਿ ਸਲਾਰੀਆ ਵਲੋਂ ਫਲੈਕਸਾਂ ਵਿਚੋਂ ਮਿੱਤਲ ਦਾ ਨਾਂਅ ਗਾਇਬ ਕਰਨ ਨੂੰ ਪੰਜਾਬ ਭਾਜਪਾ ਨੇ ਹੁਣ ਪੂਰੀ ਸੰਜੀਦਗੀ ਨਾਲ ਲਿਆ ਹੈ। ਇਕ ਹੋਰ ਹੈਰਾਨੀਜਨਕ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸਲਾਰੀਆ ਵਲੋਂ ਵੀ ਮਿੱਤਲ ਦੀ ਤਰਾਂ ਪਿਛਲੇ ਕਰੀਬ ਹਫ਼ਤੇ ਤੋਂ ਕਿਸੇ ਵੀ ਪੱਤਰਕਾਰ ਦਾ ਫੋਨ ਨਹੀਂ ਉਠਾਇਆ ਜਾ ਰਿਹਾ।