ਨਵੇਂ ਸਾਲ 2019 'ਚ ਦੇਸ਼ ਨੂੰ ਮਿਲੇਗਾ ਨਵਾਂ ਪ੍ਰਧਾਨ ਮੰਤਰੀ
ਅੱਜ ਨਵਾਂ ਸਾਲ 2019 ਚੜ ਗਿਆ ਹੈ। 2019 ਚੁਣਾਵੀਂ ਸਾਲ ਵਜੋਂ ਜਾਣਿਆ ਜਾਵੇਗਾ....
ਅੰਮ੍ਰਿਤਸਰ : ਅੱਜ ਨਵਾਂ ਸਾਲ 2019 ਚੜ ਗਿਆ ਹੈ। 2019 ਚੁਣਾਵੀਂ ਸਾਲ ਵਜੋਂ ਜਾਣਿਆ ਜਾਵੇਗਾ। ਇਸ ਸਾਲ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਦੇ ਥੰਮ੍ਹ ਭਾਰਤ ਵਿਚ ਲੋਕ ਸਭਾ ਦੀਆਂ ਚੋਣਾਂ ਅਪਰੈਲ-ਮਈ ਵਿਚ ਹੋਣਗੀਆਂ। ਭਾਜਪਾ ਅਤੇ ਕਾਂਗਰਸ ਪਾਰਟੀ ਲਈ ਇਹ ਵੱਕਾਰ ਦਾ ਸਵਾਲ ਹੋਵੇਗਾ। ਅਮਿਤ ਸ਼ਾਹ ਤੇ ਨਰੇਂਦਰ ਮੋਦੀ ਦੀ ਜੋੜੀ ਵੱਕਾਰ ਦਾ ਸਵਾਲ ਬਣਾ ਕੇ ਚੋਣ ਮੈਦਾਨ ਵਿਚ ਉਤਰਨਗੇ। ਦੂਸਰੇ ਪਾਸੇ ਰਾਹੁਲ ਗਾਂਧੀ ਵੀ ਭਾਜਪਾਈਆਂ ਲਈ ਚੁਨੌਤੀ ਬਣ ਕੇ ਸਾਹਮਣੇ ਆਉਣਗੇ। ਦੇਸ਼ ਦੀ ਵਿਰੋਧੀ ਧਿਰ ਵੀ ਹੁਣ ਪਹਿਲਾਂ ਵਾਂਗ ਚਿੱਤ ਹੋਣ ਦੀ ਥਾਂ ਭਾਜਪਾ ਨੂੰ ਮੂੰਧੇ-ਮੂੰਹ ਕਰਨ ਲਈ ਯਤਨਸ਼ੀਲ ਰਹੇਗੀ।
ਭਾਰਤ ਦੇ ਲੋਕਾਂ ਨੂੰ ਨਵੇਂ ਸਾਲ ਵਿਚ ਨਵੀਂ ਸਰਕਾਰ ਮਿਲੇਗੀ। ਮੋਦੀ ਸਰਕਾਰ ਦੇ ਪੰਜ ਸਾਲ 2019 ਵਿਚ ਪੂਰੇ ਹੋਣਗੇ। ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਦਾ ਆਖਰੀ ਬਜ਼ਟ 2019-20 ਇਕ ਫਰਵਰੀ ਨੂੰ ਪੇਸ਼ ਹੋਵੇਗਾ। ਇਸ ਬਜਟ ਦੇ ਨਾਲ ਹੀ ਲੋਕ-ਸਭਾ ਚੋਣਾਂ ਦਾ ਬਿਗੁਲ ਵੱਜ ਜਾਵੇਗਾ। ਮੁਕੰਮਲ ਬਜਟ ਨਵੀਂ ਕੇਂਦਰੀ ਸਰਕਾਰ ਹੀ ਪੇਸ਼ ਕਰੇਗੀ। ਸੱਭ ਦੀਆਂ ਨਜ਼ਰਾਂ ਅਰੁਨ ਜੇਤਲੀ ਉਤੇ ਕੇਂਦਰਤ ਨਵੇਂ ਸਾਲ ਵਿਚ ਹੋਣਗੀਆਂ ਜੋ ਮੋਦੀ ਹਕੂਮਤ ਦਾ ਆਖਰੀ ਚੁਣਾਵੀ ਬਜਟ ਪੇਸ਼ ਕਰਨਗੇ।
ਸੰਨ 2019 ਵਿਚ ਨਵੇਂ ਸਿਆਸੀ ਗਠਜੋੜ, ਨਵੀਂ ਕੇਂਦਰੀ ਸਰਕਾਰ ਹੋਂਦ ਵਿਚ ਆਉਣ ਦੇ ਨਾਲ-ਨਾਲ ਬਾਬੇ ਨਾਨਕ ਦਾ 550ਵਾਂ ਜਨਮ-ਦਿਹਾੜਾ, ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਣੇਗਾ ਤੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿਚ ਵਿਸ਼ਾਲ ਸਮਾਗਮ ਵਿਸਾਖੀ ਤੇ ਅੰਮ੍ਰਿਤਸਰ ਵਿਚ ਹੋਵੇਗਾ।
ਆ ਰਿਹਾ ਨਵਾਂ ਸਾਲ 2019 ਸਿਆਸਤਦਾਨਾਂ ਲਈ ਚੁਨੌਤੀ ਭਰਿਆ ਰਹਿਣ ਦੀ ਸੰਭਾਵਨਾ ਹੈ। ਦੇਸ਼ ਦੀ ਵਿਰੋਧੀ ਧਿਰ ਉਖੜੀ ਪਈ ਹੈ। ਪੰਜਾਬ ਦੀ ਵਿਰੋਧੀ ਧਿਰ ਲੀਡਰ ਤੋਂ ਵਿਹੂਣੀ ਹੈ। ਪੰਜਾਬ ਵਿਚ ਕਾਂਗਰਸ ਤੇ ਭਾਜਪਾ ਸਿਆਸੀ ਮੰਚ ਉਤੇ ਕਾਇਮ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲਾਂ ਕਾਰਨ ਜਨਤਕ ਤਸਵੀਰ ਤੋਂ ਪਾਸੇ ਜਾਪ ਰਿਹਾ ਹੈ। ਸਿੱਖ ਸੰਗਠਨ ਬਹੁਤ ਬੁਰੀ ਤਰਾਂ ਵੰਡੇ ਹੋਏ ਹਨ। ਸਿੱਖ ਸੰਗਠਨਾਂ ਦੀ ਇਕ ਮੰਚ ਉਤੇ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਹੀਂ ਜਾਪ ਰਹੀ। ਸਾਲ 2019 ਵਿਚ ਨਵੇਂ ਸਿਆਸੀ ਗਠਜੋੜ ਕਰਨ ਲਈ ਰਾਜਨੀਤੀਵਾਨਾਂ ਦੀਆਂ ਸਰਗਰਮੀਆਂ ਸ਼ੁਰੂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਸਿੱਖਾਂ ਦੀ ਮੰਗ ਜ਼ੋਰ ਫੜੇਗੀ। ਪੰਜਾਬ ਵਿਚ ਸਿੱਖ ਵੋਟਾਂ ਉਤੇ ਹੱਕ ਜਤਾਉਣ ਲਈ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਹੋਰ ਸਿੱਖ ਸੰਗਠਨ ਹਰ ਹੀਲਾ ਵਰਤ ਰਹੇ ਹਨ
ਪਰ ਸਿੱਖ ਅਤੇ ਪੰਜਾਬ ਦੇ ਲੋਕ ਪਰਖੀਆਂ ਪਾਰਟੀਆਂ ਦੀ ਥਾਂ ਨਵੇਂ ਰਾਜਨੀਤਕ ਗਠਜੋੜ ਪ੍ਰਤੀ ਨਜ਼ਰਾਂ ਟਿਕਾਈ ਬੈਠੇ ਹਨ। ਨਵੇਂ ਸਾਲ ਵਿਚ ਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਜਾ ਰਹੀ ਹੈ। ਭਾਜਪਾ ਸਮੇਤ ਦੇਸ਼ ਦੇ ਪ੍ਰਮੁੱਖ ਸਿਆਸੀ ਦਲ ਇਸ ਮਹਾਨ ਦਿਵਸ ਪ੍ਰਤੀ ਤੇ ਸਿੱਖਾਂ ਦੀ ਹਮਦਰਦੀ ਜਿੱਤਣ ਲਈ ਸਰਗਰਮ ਹਨ। ਕਰਤਾਰਪੁਰ ਲਾਂਘੇ ਨੂੰ ਵੀ ਇਸ ਕੜੀ ਤਹਿਤ ਵੇਖਿਆ ਜਾ ਰਿਹਾ ਹੈ, ਜਿਸ ਪ੍ਰਤੀ ਹਿੰਦ-ਪਾਕਿ ਸਰਕਾਰਾਂ ਇਸ ਸਮੇਂ ਸਿਰ ਮੁਕੰਮਲ ਕਰਨ ਲਈ ਜੰਗੀ ਪੱਧਰ ਉਤੇ ਕੰਮ ਕਰਨ ਵਿਚ ਰੁੱਝੀਆਂ ਹਨ।
ਨਵੇਂ ਸਾਲ 2019 ਵਿਚ ਸਾਕਾ ਜਲਿਆਂਵਾਲਾ ਦੇ ਸ਼ਹੀਦਾਂ ਦੀ ਯਾਦ ਵਿਚ 13 ਅਪ੍ਰੈਲ ਨੂੰ ਬਹੁਤ ਵੱਡਾ ਸਮਾਗਮ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। 13 ਅਪ੍ਰੈਲ, 1919 ਨੂੰ 15 ਹਜ਼ਾਰ ਦੇ ਕਰੀਬ ਭਾਰਤੀਆਂ ਦਾ ਇਕੱਠ ਅੰਮ੍ਰਿਤਸਰ ਵਿਖੇ ਅਜ਼ਾਦੀ ਸੰਘਰਸ਼ ਲਈ ਹੋਇਆ ਸੀ ਪਰ ਅੰਗਰੇਜ਼ ਹਕੂਮਤ ਦੇ ਜਨਰਲ ਡਾਇਰ ਨੇ ਅਣ-ਮਨੁੱਖੀ ਕਾਰਾ ਕਰਦਿਆਂ 376 ਲੋਕ ਗੋਲੀਆਂ ਨਾਲ ਭੁੰਨ ਦਿਤੇ ਗਏ ਸਨ। ਇਸ ਸਾਲ ਜਲਿਆਂ ਵਾਲੇ ਬਾਗ ਨੂੰ ਵੀ ਨਵੀਂ ਦਿਖ ਦਿਤੀ ਜਾ ਰਹੀ ਹੈ।