ਭਾਜਪਾ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਮੁਕਾਬਲੇ ਅਕਾਲੀ ਦਲ ਹੀ ਬੇਵੱਸ ਜਾਂ ਮੁਥਾਜ ਕਿਉਂ?
ਪੰਜਾਬ ਦੀ ਬਜਾਏ ਬਾਦਲ ਦਲ ਨੇ ਅਪਣੇ ਨਿੱਜ ਅਤੇ ਪਰਵਾਰ ਨੂੰ ਹੀ ਦਿਤੀ ਪਹਿਲ......
ਕੋਟਕਪੂਰਾ : ਸਾਲ 2018 ਅਪਣੀਆਂ ਮਿੱਠੀਆਂ ਅਤੇ ਕੌੜੀਆਂ-ਕੁਸੈਲੀਆਂ ਯਾਦਾਂ ਛੱਡਦਾ ਹੋਇਆ ਸਾਡੇ ਤੋਂ ਵਿਦਾਈ ਦੀ ਮੰਗ ਕਰ ਰਿਹਾ ਹੈ ਤੇ 2019 ਨੂੰ ਖ਼ੁਸ਼ਆਮਦੀਦ ਕਹਿਣ ਲਈ ਸਿਆਸੀ ਤੇ ਗ਼ੈਰ ਸਿਆਸੀ ਸੰਸਥਾਵਾਂ ਜਾਂ ਜਥੇਬੰਦੀਆਂ ਵਲੋਂ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਹੁਣ 2018 'ਚ ਕੀ ਖੱਟਿਆ ਅਤੇ ਕੀ ਗੁਆਇਆ ਬਾਰੇ ਵਿਸਥਾਰ ਦੇਣ ਤੋਂ ਸੰਕੋਚ ਹੀ ਕਰਨਾ ਵਾਜਬ ਹੋਵੇਗਾ, ਕਿਉਂਕਿ ਨਾ ਤਾਂ ਦੇਸ਼, ਨਾ ਹੀ ਪੰਜਾਬ ਅਤੇ ਨਾ ਹੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਕੋਈ ਬਹੁਤੀ ਲੰਮੀ ਸੂਚੀ ਹੈ,
ਜਿਸ ਉੱਪਰ ਮਾਣ ਕੀਤਾ ਜਾ ਸਕੇ ਅਤੇ ਨਾ ਹੀ ਸਿੱਖ ਕੌਮ, ਪੰਥਕ ਸਰੋਕਾਰ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਲਈ ਕੋਈ ਸਿਆਸੀ ਜਾਂ ਗ਼ੈਰ ਸਿਆਸੀ ਪਾਰਟੀ ਨੇ ਮਾਣਮੱਤਾ ਕਾਰਜ ਕੀਤਾ ਹੈ। ਭਾਵੇਂ 'ਰੋਜ਼ਾਨਾ ਸਪੋਕਸਮੈਨ' ਨੇ 'ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ', 'ਸੰਪਾਦਕੀਆਂ' ਜਾਂ ਕਵਰ ਸਟੋਰੀਆਂ ਰਾਂਹੀ ਜਾਗਦੇ ਰਹੋ ਦਾ ਹੋਕਾ ਦਿੰਦਿਆਂ ਸਮੁੱਚੀ ਲੋਕਾਈ ਨੂੰ ਸੁਚੇਤ ਕਰਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ, ਇਸ ਦਾ ਖਮਿਆਜ਼ਾ ਵੀ ਭੁਗਤਿਆ ਪਰ ਦੇਸ਼ ਭਰ ਦੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਜਾਬ ਨਾਲ ਸਬੰਧਤ ਰਾਜਨੀਤਿਕ ਦਲਾਂ ਨੇ ਵੀ ਰੋਜ਼ਾਨਾ ਸਪੋਕਸਮੈਨ ਦੇ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਮੁਸ਼ਕਲਾਂ,
ਸਮੱਸਿਆਵਾਂ ਅਤੇ ਚੁਣੌਤੀਆਂ ਵਲ ਧਿਆਨ ਦੇਣ ਦੀ ਜ਼ਰੂਰਤ ਹੀ ਨਾ ਸਮਝੀ, ਸਗੋਂ ਅਪਣੀ ਵੋਟ ਰਾਜਨੀਤੀ ਨੂੰ ਹੀ ਮੁੱਖ ਰੱਖਿਆ। ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜਾਂ ਉਕਤ ਰਾਜਨੀਤਿਕ ਦਲਾਂ ਤੋਂ ਬਾਗ਼ੀ ਹੋਣ ਵਾਲੇ ਲੀਡਰਾਂ ਜਾਂ ਉਨਾਂ ਵਲੋਂ ਬਣਾਈਆਂ ਅਪਣੀਆਂ ਜਥੇਬੰਦੀਆਂ ਦੀ ਵੀ ਗੱਲ ਕੀਤੀ ਜਾਵੇ ਤਾਂ ਅਸਲ ਮੁੱਦੇ ਵੱਲ ਧਿਆਨ ਦੇਣ ਦੀ ਬਜਾਇ ਜਾਂ ਤਾਂ ਆਮ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਾਂ ਭੰਬਲਭੂਸਾ ਖੜਾ ਕਰਕੇ ਸਿਆਸੀ ਰੋਟੀਆਂ ਸੇਕੀਆਂ ਗਈਆਂ।
ਰਾਜਨੀਤਿਕ ਵਿਸ਼ਲੇਸ਼ਕਾਂ ਅਤੇ ਚਿੰਤਕਾਂ ਦਾ ਮੰਨਣਾ ਹੈ ਕਿ ਹੁਣ ਸਿਆਸਤਦਾਨਾਂ 'ਚ ਸਿਧਾਂਤ ਜਾਂ ਵਿਚਾਰਧਾਰਾ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਰਹੀ ਪਰ ਅਪਣੇ ਵੱਡੇ-ਵੱਡੇ ਬਿਆਨਾਂ 'ਚ ਇਹ ਲੋਕ ਵਿਚਾਰਧਾਰਾ, ਸਿਧਾਂਤ, ਦੇਸ਼ ਦੀ ਤਰੱਕੀ ਅਤੇ ਰਾਜ ਦੀਆਂ ਸਮੱਸਿਆਵਾਂ ਜਾਂ ਮੁੱਦੇ ਗਿਣਾਉਣ ਮੌਕੇ ਬਾਹਵਾਂ ਉਲਾਰ-ਉਲਾਰ ਕੇ ਖ਼ੁਦ ਨੂੰ ਚਿੰਤਕ ਦਰਸਾਉਣ ਦਾ ਕੋਈ ਵੀ ਮੋਕਾ ਹੱਥੋਂ ਨਹੀਂ ਜਾਣ ਦਿੰਦੇ। ਅਕਾਲੀ ਦਲ ਬਾਦਲ ਨੂੰ ਪੰਜਾਬ ਭਰ ਦੇ ਹਰ ਵਰਗ ਨਾਲ ਸਬੰਧਤ ਲੋਕਾਂ ਵਲੋਂ ਜੋ ਖਰੀਆਂ ਖਰੀਆਂ ਸੁਣਨ ਨੂੰ ਮਿਲ ਰਹੀਆਂ ਹਨ,
ਉਹ ਰੋਜ਼ਾਨਾ ਸਪੋਕਸਮੈਨ ਸਮੇਤ ਅਕਸਰ ਰੋਜ਼ਾਨਾ ਹੀ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਕਿਉਂਕਿ ਅਕਾਲੀ ਦਲ ਨੇ ਪੰਥ ਦੇ ਨਾਂਅ 'ਤੇ ਬੜਾ ਲੰਮਾ ਸਮਾਂ ਸਿਆਸੀ ਰੋਟੀਆਂ ਸੇਕੀਆਂ, ਸੱਤਾ ਦਾ ਆਨੰਦ ਮਾਣਿਆ, ਪੰਜਾਬ ਅਤੇ ਪੰਥ ਦੀਆਂ ਲਟਕਦੀਆਂ ਮੰਗਾਂ ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕੀਤਾ, ਡੇਰੇਦਾਰਾਂ ਨੂੰ ਪ੍ਰਫੁੱਲਿਤ ਕਰਨ ਅਤੇ ਪੰਥ ਦਾ ਘਾਣ ਕਰਨ ਲਈ ਖੁਲ੍ਹੀ ਛੁੱਟੀ ਦਿਤੀ। ਕੁਝ ਵਿਸ਼ਲੇਸ਼ਕਾਂ ਦਾ ਦਾਅਵਾ ਹੈ ਕਿ ਬਾਦਲ ਪਰਵਾਰ ਅਪਣੀ ਨੂੰਹ ਦੀ ਕੈਬਨਿਟ ਮੰਤਰੀ ਵਾਲੀ ਕੁਰਸੀ ਖ਼ਤਰੇ 'ਚ ਪਾਉਣ ਲਈ ਤਿਆਰ ਨਹੀਂ,
ਉਸ ਬਦਲੇ ਪੰਜਾਬ, ਪੰਜਾਬੀ, ਪੰਜਾਬੀਅਤ, ਪੰਥ ਜਾਂ ਕੌਮ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਉਹ ਬਰਦਾਸ਼ਤ ਕਰਨ ਲਈ ਤਿਆਰ ਹੈ। ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਆਸ ਤੋਂ ਕਿਤੇ ਵੱਡੀ ਹੋਈ ਹਾਰ ਨੇ ਭਾਜਪਾ ਅੰਦਰ ਤਰਥੱਲੀ ਮਚਾ ਦਿਤੀ ਹੈ। ਜੇਕਰ ਰਾਫ਼ੇਲ ਅਰਥਾਤ ਰੱਖਿਆ ਸੋਦਿਆਂ 'ਚ ਕਮਿਸ਼ਨ ਰੂਪੀ ਭ੍ਰਿਸ਼ਟਾਚਾਰ, ਚੌਂਕੀਦਾਰ ਹੀ ਚੋਰ, ਗੁਆਂਢੀ ਰਾਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਸਜ਼ਾ, ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ, ਪੰਜਾਬ ਅਤੇ ਦਿੱਲੀ 'ਚ ਰਜੀਵ ਗਾਂਧੀ ਜਾਂ ਬੇਅੰਤ ਸਿੰਘ ਦੇ ਬੁੱਤਾਂ ਅਤੇ ਬੋਰਡਾਂ 'ਤੇ ਕਾਲਖ ਮਲਣ,
ਨੈਸ਼ਨਲ ਹਾਈਵੇ 'ਤੇ ਮਾਂ ਬੋਲੀ ਪੰਜਾਬੀ ਦੀ ਬੇਕਦਰੀ, 2018 'ਚ ਪੰਜਾਬ ਦੇ 12ਵੀਂ ਪਾਸ ਡੇਢ ਲੱਖ ਲੜਕੇ/ਲੜਕੀਆਂ ਵਲੋਂ ਆਈਲੈਟਸ ਕਰਕੇ ਵਿਦੇਸ਼ ਨੂੰ ਉਡਾਰੀ, ਬਰਗਾੜੀ ਇਨਸਾਫ਼ ਮੋਰਚਾ, ਬਾਦਲ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ ਦੀ ਸਥਾਪਨਾ, ਕੈਪਟਨ ਸਰਕਾਰ ਵਲੋਂ ਢਾਈ ਏਕੜ ਦੀ ਮਾਲਕੀ ਵਾਲੇ ਛੋਟੇ ਕਿਸਾਨਾ ਦਾ 2 ਲੱਖ ਰੁਪਏ ਤੱਕ ਦਾ ਕਰਜਾ ਮਾਫ, ਕਰਜੇ ਜਾਂ ਨਸ਼ੇ ਕਾਰਨ ਵੱਧ ਰਹੀਆਂ ਖੁਦਕੁਸ਼ੀਆਂ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਪੰਜਾਬ ਵਿਧਾਨ ਸਭਾ 'ਚ ਚਰਚਾ, ਬਾਦਲਾਂ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਨੁਕਤਾਚੀਨੀ,
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਪੜਤਾਲ ਲਈ ਐਸਆਈਟੀ ਦਾ ਗਠਨ, ਐਸਆਈਟੀ ਮੂਹਰੇ ਪਹਿਲਾਂ ਬਾਦਲਾਂ ਵਲੋਂ ਪੇਸ਼ ਹੋਣ ਦੀ ਸਹਿਮਤੀ ਪਰ ਬਾਅਦ 'ਚ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਨਾਲ ਬਦਸਲੂਕੀ, ਮਹਿੰਗਾਈ ਤੇ ਬੇਰੁਜਗਾਰੀ, ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ, ਦਰਿਆਈ ਪਾਣੀਆਂ ਅਤੇ ਧਰਤੀ ਹੇਠਲੇ ਘੱਟ ਰਹੇ ਪਾਣੀ ਦਾ ਪੱਧਰ, ਕਣਕ-ਝੋਨੇ ਦੇ ਫਸਲੀ ਚੱਕਰ, ਖੇਤ ਮਜਦੂਰਾਂ, ਕਿਸਾਨਾ, ਨੌਜਵਾਨਾ ਦੀ ਮੰਦੀ ਹਾਲਤ, ਮੁਲਾਜਮਾਂ ਦਾ ਸਰਕਾਰ ਨਾਲ ਇੱਟ ਖੜੱਕਾ, ਬਲਾਕ ਸੰਮਤੀ-ਜਿਲਾ ਪ੍ਰੀਸ਼ਦ-ਪੰਚਾਇਤੀ ਚੋਣਾਂ,
ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜਨ ਵਾਲੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਅਤੇ ਸੁਖਪਾਲ ਸਿੰਘ ਖਹਿਰਾ, ਕਰਤਾਰਪੁਰ ਸਾਹਿਬ ਦਾ ਲਾਂਘਾ, ਖਜਾਨਾ ਖਾਲੀ, ਰੇਤ ਖਨਣ ਦੇ ਮਾਮਲੇ 'ਚ ਅਦਾਲਤ 'ਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਖਿਚਾਈ, ਰੇਤ ਮਾਫੀਏ-ਅਧਿਕਾਰੀਆਂ ਅਤੇ ਸਿਆਸਤਦਾਨਾ ਦਾ ਗਠਜੋੜ, 7 ਅਕਤੂਬਰ ਦੀ ਬਰਗਾੜੀ ਇਨਸਾਫ ਮੋਰਚੇ ਦੇ ਬਰਾਬਰ ਕਾਂਗਰਸ ਵਲੋਂ ਲੰਬੀ ਅਤੇ ਅਕਾਲੀਆਂ ਵਲੋਂ ਪਟਿਆਲਾ ਵਿਖੇ ਕੀਤੀਆਂ ਗਈਆਂ ਰੈਲੀਆਂ, 9 ਦਸੰਬਰ ਨੂੰ ਇਨਸਾਫ ਮੋਰਚਾ ਖਤਮ ਕਰਨ ਦੇ ਮੁੱਦੇ 'ਤੇ ਮੁਤਵਾਜੀ ਜਥੇਦਾਰਾਂ 'ਚ ਤਕਰਾਰ, ਬਾਦਲਾਂ ਵਲੋਂ ਹਰਮੰਦਰ ਸਾਹਿਬ ਜਾ ਕੇ ਆਪੇ ਹੀ ਭੁੱਲ ਬਖਸ਼ਾਉਣ ਆਦਿ
ਅਜਿਹੀਆਂ ਘਟਨਾਵਾਂ ਜਾਂ ਮੁੱਦੇ ਹਨ, ਜੇਕਰ ਉਨਾ ਦਾ ਜਿਕਰ ਕਰਨਾ ਹੋਵੇ ਤਾਂ ਬਹੁਤ ਵੱਡਾ ਵਿਸਥਾਰ ਦੇਣਾ ਪਵੇਗਾ। ਪੰਜਾਬ ਦੇ ਕਿਸੇ ਵੀ ਮੁੱਦੇ 'ਤੇ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮਾਰਗ ਦਰਸ਼ਨ ਦੇਣ ਲਈ 'ਰੋਜ਼ਾਨਾ ਸਪੋਕਸਮੈਨ' ਨੇ ਸੰਪਾਦਕੀਆਂ ਅਤੇ ਮੇਰੀ ਨਿੱਜੀ ਡਾਇਰੀ ਦੇ ਪੰਨ੍ਹਿਆਂ ਰਾਂਹੀ ਹਮੇਸ਼ਾਂ ਸੇਧ ਦਿੱਤੀ, ਰਾਹ ਦਸੇਰਾ ਬਣਿਆ, ਇਸ ਦੀ ਚਰਚਾ ਦੇਸ਼ ਵਿਦੇਸ਼ ਦੇ ਲੋਕਾਂ ਦੇ ਨਾਲ-ਨਾਲ ਸ਼ਹਿਰਾਂ, ਕਸਬਿਆਂ ਦੇ ਗਲੀ-ਮੁਹੱਲਿਆਂ 'ਚ ਅਤੇ ਪਿੰਡ ਦੀਆਂ ਸੱਥਾਂ 'ਚ ਵੀ ਸੁਣੀ ਜਾ ਸਕਦੀ ਹੈ।