ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਆਈ ਵੱਡੀ ਖ਼ਬਰ, ਅੱਠ ਘੰਟੇ ਡਿਊਟੀ ਤੇ ਮਿਲੇਗਾ Weekly off

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਨੇ ਗੈਂਗਸਟਰਾਂ 'ਤੇ ਪਾਇਆ ਕਾਬੂ

file photo

ਚੰਡੀਗੜ੍ਹ : ਪੰਜਾਬ ਪੁਲਿਸ ਦੇ ਜਵਾਨਾਂ ਲਈ ਨਵਾਂ ਸਾਲ ਕਾਫ਼ੀ ਲਾਹੇਵੰਦਾ ਸਾਬਤ ਹੋਣ ਜਾ ਰਿਹਾ ਹੈ। ਪੰਜਾਬ ਸੂਤਰਾਂ ਅਨੁਸਾਰ ਹੁਣ ਪੁਲਿਸ ਮੁਲਾਜ਼ਮਾਂ ਨੂੰ 8 ਘੰਟੇ ਡਿਊਟੀ ਤੇ ਹਫ਼ਤਾਵਾਰੀ ਛੁੱਟੀ ਦੇਣ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਾ ਰਹੀ ਹੈ। 8 ਘੰਟੇ ਡਿਊਟੀ ਤੇ ਹਫ਼ਤਾਵਾਰੀ ਛੁੱਟੀ ਦੀ ਮੰਗ ਮੁਲਾਜ਼ਮਾਂ ਵਲੋਂ ਲੰਮੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ।

ਪੰਜਾਬ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਆਉਣ ਬਾਅਦ ਗੈਂਗਸਟਰਾਂ ਨਾਲ ਸਖ਼ਤੀ ਨਾਲ ਨਿਪਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਸਖ਼ਤੀ ਕਾਰਨ ਹੁਣ ਸੂਬੇ ਅੰਦਰ ਗਿਣੇ-ਚੁਣੇ ਗੈਂਗਸਟਰ ਹੀ ਬਾਕੀ ਬਚੇ ਹਨ। ਉਨ੍ਹਾਂ ਕਿਹਾ ਕਿ 2017 ਵਿਚ ਕੈਪਟਨ ਸਰਕਾਰ ਆਉਣ ਤੋਂ ਬਾਅਦ 2322 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਨਵੇਂ ਸਾਲ ਮੌਕੇ 80000 ਜਵਾਨ ਸੂਬੇ ਦੇ ਪੁਲਿਸ ਤੰਤਰ ਨੂੰ ਹੋਰ ਮਜ਼ਬੂਤ ਕਰਨ 'ਚ ਅਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਦੀ ਚਰੌਕਣੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਹੈ। ਹੁਣ ਪੁਲਿਸ ਮੁਲਾਜ਼ਮਾਂ ਨੂੰ 8 ਘੰਟੇ ਡਿਊਟੀ ਦੇ ਨਾਲ ਨਾਲ ਹਫ਼ਤਾਵਾਰੀ ਛੁੱਟੀ ਮਿਲਣ ਲੱਗ ਜਾਵੇਗੀ।

ਗੈਂਗਵਾਰ ਦੀਆਂ ਘਟਨਾਵਾਂ ਅਤੇ ਜੇਲ੍ਹ ਅੰਦਰ ਬੰਦ ਇਕ ਗੈਂਗਸਟਰ ਦੇ ਇਕ ਮੰਤਰੀ ਨਾਲ ਸਬੰਧ ਹੋਣ ਦੇ ਦੋਸ਼ ਲਗਾਉਣ ਤੋਂ ਬਾਅਦ ਸਾਬਕਾ ਅਕਾਲੀ ਮੰਤਰੀ ਨੂੰ ਮਿਲੀਆਂ ਧਮਕੀਆਂ ਸਬੰਧੀ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਕਾਨੂੰਨ ਮੁਤਾਬਕ ਅਪਣਾ ਕੰਮ ਕਰ ਰਹੀ ਹੈ। ਗੈਂਗਸਟਰਾਂ ਨੂੰ ਜੇਲ੍ਹਾਂ ਅੰਦਰ ਮਿਲ ਰਹੀ ਸਿਆਸੀ ਸਰਪ੍ਰਸਤੀ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਅਜੇ ਤਕ ਕਿਸੇ ਸਿਆਸੀ ਆਗੂ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਕਾਨੂੰਨ ਅਪਣਾ ਰੁਖ ਅਖ਼ਤਿਆਰ ਕਰੇਗਾ।

ਕਾਬਲੇਗੌਰ ਹੈ ਕਿ ਪੰਜਾਬ ਪੁਲਿਸ ਨੂੰ ਹਮੇਸ਼ਾ ਹੀ ਚੁਨੌਤੀਪੂਰਣ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਅੰਦਰ ਦਹਾਕਾ ਭਰ ਚੱਲੇ ਅਤਿਵਾਦ ਦੇ ਦੌਰ ਦੌਰਾਨ ਵੀ ਪੁਲਿਸ ਮੁਲਾਜ਼ਮਾਂ ਨੂੰ ਭਾਰੀ ਕੁਰਬਾਨੀਆਂ ਦੇਣ ਦੇ ਨਾਲ ਨਾਲ ਬੇਹੱਦ ਔਖੇ ਤੇ ਤਨਾਅਪੂਰਨ ਹਲਾਤਾਂ 'ਚ ਡਿਊਟੀ ਨਿਭਾਉਣੀ ਪਈ। ਉਸ ਤੋਂ ਬਾਅਦ ਕੁੱਝ ਸਾਲਾਂ ਤਕ ਮਾਹੌਲ ਕੁੱਝ ਠੀਕ ਹੋਇਆ। ਫਿਰ ਨਸ਼ਿਆਂ ਦੀ ਚੱਲੀ ਹਨੇਰੀ ਨਾਲ ਨਿਪਟਣ ਲਈ ਵੀ ਪੁਲਿਸ ਨੂੰ ਭਾਰੀ ਮੁਸ਼ੱਕਤ ਕਰਨੀ ਪਈ।

ਇਸੇ ਦੌਰਾਨ ਪੰਜਾਬ ਅੰਦਰ ਗੈਂਗਵਾਰ ਦਾ ਦੌਰ ਸ਼ੁਰੂ ਹੋ ਗਿਆ ਜੋ ਅਜੇ ਤਕ ਜਾਰੀ ਹੈ। ਭਾਵੇਂ ਗੈਂਗਵਾਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ 'ਚ ਹੁਣ ਕਾਫ਼ੀ ਹੱਦ ਤਕ ਕਮੀ ਆਈ ਹੈ ਪਰ ਸੂਬੇ ਅੰਦਰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਦੇ ਲੱਗਦੇ ਰਹੇ ਦੋਸ਼ਾਂ ਕਾਰਨ ਪੁਲਿਸ ਦੀਆਂ ਚੁਨੌਤੀਆਂ ਅਜੇ ਵੀ ਬਰਕਰਾਰ ਹਨ।

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਿਹਤ ਅਤੇ ਫਿਟਨੈਸ ਨੂੰ ਲੈ ਕੇ ਵੀ ਸਵਾਲ ਉਠਦੇ ਰਹਿੰਦੇ ਹਨ। ਪੁਲਿਸ ਮੁਲਾਜ਼ਮਾਂ ਦੇ ਵਧੇ ਹੋਏ ਢਿੱਡਾਂ ਨੂੰ ਤਾਂ ਕਈ ਹਾਸਰਸ ਕਲਾਕਾਰ ਅਪਣੇ ਸਰੋਤਿਆਂ ਨੂੰ ਹਸਾਉਣ ਲਈ ਅਕਸਰ ਹੀ ਵਰਤਦੇ ਰਹਿੰਦੇ ਹਨ। ਜਦੋਂ ਵੀ ਪੁਲਿਸ ਮੁਲਾਜ਼ਮਾਂ ਦੀ ਫਿੱਟਨੈਂਸ ਨੂੰ ਲੈ ਕੇ ਕੋਈ ਸਵਾਲ ਉਠਦਾ ਹੈ ਤਾਂ ਇਸ ਦਾ ਸਾਰਾ ਦੋਸ਼ ਡਿਊਟੀ ਦੀ ਸਮਾਂ-ਸੀਮਾ ਤਹਿ ਨਾ ਹੋਣ ਤੇ ਲੋੜੀਂਦੀ ਹਫ਼ਤਾਵਾਰੀ ਛੁੱਟੀ ਨਾ ਮਿਲਣ ਸਿਰ ਮੜਿਆ ਜਾਂਦਾ ਰਿਹਾ ਹੈ ਜੋ ਕਿਸੇ ਹੱਦ ਤਕ ਜਾਇਜ਼ ਵੀ ਹੈ।

ਮੌਜੂਦਾ ਸਮੇਂ ਡਿਊਟੀ ਦੇ ਚੱਲ ਰਹੇ ਸਲਿਊਲ ਮੁਤਾਬਕ ਮੁਲਾਜ਼ਮਾਂ ਨੂੰ ਡਿਊਟੀ 'ਤੇ ਜਾਣ ਦੇ ਸਮੇਂ ਦਾ ਤਾਂ ਪਤਾ ਹੁੰਦਾ ਹੈ ਪਰ ਡਿਊਟੀ ਖ਼ਤਮ ਕਦੋਂ ਹੋਵੇਗੀ, ਇਸ ਦਾ ਸਾਰਾ ਦਾਰੋ-ਮਦਾਰ ਡਿਊਟੀ ਵਾਲੀ ਥਾਂ ਦੇ ਹਾਲਾਤ 'ਤੇ ਨਿਰਭਰ ਕਰਦਾ ਹੈ। ਹੁਣ ਮੁਲਾਜ਼ਮਾਂ ਨੂੰ 8 ਘੰਟੇ ਦੀ ਡਿਊਟੀ ਤੇ ਹਫ਼ਤਾਵਾਰੀ ਛੁੱਟੀ ਮਿਲਣ ਨਾਲ ਮੁਲਾਜ਼ਮਾਂ ਅੰਦਰ ਡਿਊਟੀ ਦੇ ਸਮਾਂ ਸੀਮਾ ਤੇ ਛੁੱਟੀ ਨੂੰ ਲੈ ਕੇ ਬਣੇ ਅਨਿਸਚਤਾ ਵਾਲੇ ਮਾਹੌਲ ਤੋਂ ਵੀ ਛੁਟਕਾਰਾ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਸਿਹਤ ਦੇ ਫਿਟਨੈਂਸ ਦੇ ਮਸਲੇ ਦਾ ਹੱਲ ਨਿਕਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।