ਨਵੇਂ ਸਾਲ 'ਤੇ ਖਿੜੀ ਧੁੱਪ, ਪੰਜਾਬ ਦੇ ਲੋਕਾਂ ਨੂੰ ਮਿਲੀ ਠੰਢ ਤੋਂ ਰਾਹਤ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਨਵਾਂ ਸਾਲ ਚੜ੍ਹਦਿਆਂ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਅਤੇ ਸਵੇਰੇ 10 ਵਜੇ ਤੋਂ ਬਾਅਦ ਧੁੱਪ ਨਿਕਲ ਆਈ

File Photo

ਚੰਡੀਗੜ੍ਹ- ਪੂਰੇ ਦੇਸ਼ 'ਚ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਲੋਕਾਂ ਲਈ ਨਵਾਂ ਸਾਲ ਦੁੱਗਣੀ ਖੁਸ਼ੀ ਲੈ ਕੇ ਆਇਆ ਹੈ। ਬੀਤੇ 15 ਦਿਨਾਂ ਤੋਂ ਸੂਬੇ 'ਚ ਕੜਾਕੇ ਦੀ ਠੰਢ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ। 2019 ਦੇ ਦਸੰਬਰ ਮਹੀਨੇ 'ਚ ਪਈ ਠੰਢ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਸਨ। ਲੋਕਾਂ ਨੂੰ ਦੋ ਹਫਤੇ ਤੋਂ ਸੂਰਜ ਦੇ ਦਰਸ਼ਨ ਤਕ ਨਹੀਂ ਹੋਏ ਸਨ।
 

ਅੱਜ ਨਵਾਂ ਸਾਲ ਚੜ੍ਹਦਿਆਂ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਅਤੇ ਸਵੇਰੇ 10 ਵਜੇ ਤੋਂ ਬਾਅਦ ਧੁੱਪ ਨਿਕਲ ਆਈ। ਇਸ ਨਾਲ ਲੋਕਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੀ ਹੈ। ਮੌਸਮ ਵਿਭਾਗ ਦੇ ਮੁਕਾਬਿਕ ਅਗਲੇ ਦੋ ਦਿਨਾਂ ਤਕ ਵੱਧੋ-ਵੱਧ ਤੇ ਘੱਟੋ-ਘੱਟ ਤਾਪਮਾਨ 'ਚ ਵਾਧਾ ਹੋਣ ਦੇ ਆਸਾਰ ਹਨ ਨਾਲ ਹੀ 2 ਤੇ 3 ਜਨਵਰੀ ਨੂੰ ਹਲਕੀ ਬਾਰਿਸ਼ ਪੈਣ ਦੀ ਵੀ ਸੰਭਾਵਨਾ ਹੈ। ਇਸ ਕਾਰਨ 4 ਅਤੇ 5 ਜਨਵਰੀ ਨੂੰ ਸੰਘਣਾ ਕੋਹਰਾ ਮੁੜ ਸੂਬੇ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ।
 

ਅੱਜ ਸਵੇਰੇ 10 ਵਜੇ ਤਕ ਵੱਧ ਤੋਂ ਵੱਧ ਤਾਪਮਾਨ ਮੋਹਾਲੀ, ਗੁਰਦਾਸਪੁਰ, ਮੋਗਾ 'ਚ 9 ਡਿਗਰੀ, ਅੰਮ੍ਰਿਤਸਰ 4 ਡਿਗਰੀ, ਪਟਿਆਲਾ, ਜਲੰਧਰ, ਲੁਧਿਆਣਾ 6 ਡਿਗਰੀ, ਸੰਗਰੂਰ, ਫਰੀਦਕੋਟ, ਭਠਿੰਡਾ, ਮਾਨਸਾ, ਫਾਜਿਲਕਾ 'ਚ 5 ਡਿਗਰੀ, ਚੰਡੀਗੜ੍ਹ, ਰੋਪੜ 'ਚ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ’ਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਰਿਕਾਰਡ ਤੋੜ ਠੰਢ ਨੇ ਆਮ ਜਨਜੀਵਨ ਠੱਪ ਕਰ ਕੇ ਰੱਖ ਦਿੱਤਾ ਸੀ। ਲੱਦਾਖ ਦੇ ਦਰਾਸ ਤੋਂ ਲੈ ਕੇ ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ ਅਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੱਕ ਪਾਰਾ ਸਿਫ਼ਰ ਤੱਕ ਪਹੁੰਚ ਗਿਆ ਸੀ।