ਦਿੱਲੀ ਵਿਚ ਲੰਗਰਾਂ ਨੇ ਬਦਲੀ ਝੁੱਗੀਆਂ-ਝੌਪੜੀਆਂ ’ਚ ਰਹਿਣ ਵਾਲਿਆਂ ਦੀ ਜ਼ਿੰਦਗੀ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਵਿਚ ਲੰਗਰਾਂ ਨੇ ਬਦਲੀ ਝੁੱਗੀਆਂ-ਝੌਪੜੀਆਂ ’ਚ ਰਹਿਣ ਵਾਲਿਆਂ ਦੀ ਜ਼ਿੰਦਗੀ

image

ਨਵੀਂ ਦਿੱਲੀ, 31 ਦਸੰਬਰ (ਹਰਦੀਪ ਸਿੰਘ ਭੌਗਲ): ਕਿਸਾਨੀ ਮੋਰਚੇ ਤੋਂ ਆਏ ਦਿਨ ਕਈ ਵਿਲੱਖਣ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦਿੱਲੀ ਦੇ ਬਾਰਡਰਾਂ ’ਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਨਿਰੰਤਰ ਜਾਰੀ ਹੈ। ਕਿਸਾਨਾਂ ਤੋਂ ਇਲਾਵਾ ਸਥਾਨਕ ਲੋਕਾਂ ਲਈ ਵੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਝੁੱਗੀਆਂ ਝੌਪੜੀਆਂ ਵਿਚ ਰਹਿਣ ਵਾਲੇ ਲੋਕ ਇਨ੍ਹਾਂ ਲੰਗਰਾਂ ਨਾਲ ਅਪਣੀ ਭੁੱਖ ਮਿਟਾ ਰਹੇ ਹਨ। 
ਝੁੱਗੀਆਂ ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੇ ਦਸਿਆ ਕਿ ਕਿਸਾਨਾਂ ਦੇ ਸੰਘਰਸ਼ ਨੂੰ ਦੇਖ ਕੇ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਗ਼ਰੀਬ ਲੋਕ ਖਾਣ ਪੀਣ ਦੀਆਂ ਕਈ ਅਜਿਹੀ ਚੀਜ਼ਾਂ ਦੇਖ ਰਹੇ ਹਨ, ਜੋ ਉਨ੍ਹਾਂ ਨੇ ਪਹਿਲਾਂ ਕਦੀ ਨਹੀਂ ਦੇਖੀਆਂ। ਅਜਿਹਾ ਲੱਗ ਰਿਹਾ ਹੈ ਜਿਵੇਂ ਇਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਮਿਲ ਗਿਆ ਹੋਵੇ। ਮਹਿਲਾ ਨੇ ਦਸਿਆ ਕਿ ਉਨ੍ਹਾਂ ਨੇ ਪੰਜਾਬੀਆਂ ਦੇ ਘਰ ਕੰਮ ਵੀ ਕੀਤਾ ਹੈ ਤੇ ਪਤੀ ਦੀ ਸਿਹਤ ਖ਼ਰਾਬ ਹੋਣ ਸਮੇਂ ਪੰਜਾਬੀਆਂ ਨੇ ਉਨ੍ਹਾਂ ਦੀ ਕਾਫ਼ੀ ਮਦਦ ਵੀ ਕੀਤੀ ਸੀ। ਪਰ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਗ਼ਰੀਬਾਂ ਦੀਆਂ ਝੁੱਗੀਆਂ ’ਤੇ ਕਬਜ਼ੇ ਕਰ ਕੇ ਬਿਲਡਿੰਗਾਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਟੀਵੀ ਵਿਚ ਰੋਜ਼ ਦੇਖਦੇ ਹਾਂ ਕਿ ਕਿਸਾਨਾਂ ਨੂੰ ਝੂਠੇ, ਨਸ਼ਈ ਆਦਿ ਕਿਹਾ ਜਾ ਰਿਹਾ ਹੈ। ਮਹਿਲਾ ਨੇ ਦਸਿਆ ਕਿ ਹਰ ਰੋਜ਼ ਅਨੇਕਾਂ ਔਰਤਾਂ ਤੇ ਲੜਕੀਆਂ ਦੇਰ ਰਾਤ ਤਕ ਲੰਗਰ ਛਕ ਕੇ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਨਹੀਂ ਛੇੜ ਰਿਹਾ ਹਰ ਪਾਸੇ ਸੁਰੱਖਿਅਤ ਮਾਹੌਲ ਹੈ। ਉਨ੍ਹਾਂ ਦਸਿਆ ਕਿ ਇਥੇ ਆ ਕੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ, ਅਜਿਹਾ ਪਿਆਰ ਘਰ ਵਿਚ ਵੀ ਨਹੀਂ ਮਿਲਦਾ।