ਸਾਲ ਦੇ ਆਖ਼ਰੀ ਦਿਨ ਪੰਜਾਬ ਦੇ 8 ਆਈ.ਏ.ਐਸ. ਅਫ਼ਸਰਾਂ ਦੇ ਤਬਾਦਲੇ

ਏਜੰਸੀ

ਖ਼ਬਰਾਂ, ਪੰਜਾਬ

ਸਾਲ ਦੇ ਆਖ਼ਰੀ ਦਿਨ ਪੰਜਾਬ ਦੇ 8 ਆਈ.ਏ.ਐਸ. ਅਫ਼ਸਰਾਂ ਦੇ ਤਬਾਦਲੇ

image

ਚੰਡੀਗੜ੍ਹ, 31 ਦਸੰਬਰ (ਗੁਰਉਪਦੇਸ਼ ਭੁੱਲਰ) : ਸਾਲ 2020 ਦੇ ਆਖ਼ਰੀ ਦਿਨ ਅੱਜ ਪੰਜਾਬ ਸਰਕਾਰ ਨੇ ਆਈ.ਏ.ਐਸ. ਅਫ਼ਸਰਾਂ ਦੇ ਤਬਾਦਲੇ ਕੀਤੇ ਹਨ | ਮੁੱਖ ਸਕੱਤਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਜਾਰੀ ਤਬਾਦਲਾ ਹੁਕਮਾਂ ਮੁਤਾਬਕ ਕਈ ਅਫ਼ਸਰਾਂ ਨੂੰ ਹੋਰ ਅਹਿਮ ਮਹਿਕਮੇ ਮਿਲੇ ਹਨ ਜਦਕਿ ਕੁੱਝ ਅਫ਼ਸਰਾਂ ਨੂੰ ਘੱਟ ਅਹਿਮੀਅਤ ਵਾਲੇ ਮਹਿਕਮੇ ਕਾਰਗੁਜ਼ਾਰੀ ਦੇ ਆਧਾਰ 'ਤੇ ਦਿਤੇ ਗਏ ਹਨ | ਇਸੇ ਤਰ੍ਹਾਂ 14 ਆਈ.ਐਸ ਅਫ਼ਸਰਾਂ ਦੀ ਤਰੱਕੀ ਦੇ ਵੀ ਹੁਕਮ ਹੋਏ ਹਨ |
ਜ਼ਿਕਰਯੋਗ ਹੈ ਕਿ ਅਨਾਦਿਤਾ ਮਿੱਤਰਾ ਨੂੰ ਮੁੜ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦੀ ਅਹਿਮ ਜ਼ਿੰਮੇਵਾਰੀ ਮੁੜ ਦਿਤੀ ਗਈ ਹੈ | ਉਨ੍ਹਾਂ ਨੂੰ ਪਿਛਲੇ ਸਮੇਂ ਵਿਚ ਇਸ ਪਦ ਤੋਂ ਬਦਲਿਆ ਗਿਆ ਸੀ | ਇਸੇ ਤਰ੍ਹਾਂ ਵਿੱਤ ਵਿਭਾਗ ਦੀ ਵਿਸ਼ੇਸ਼ ਸਕੱਤਰ ਗੁਰਪ੍ਰੀਤ ਕੌਰ ਸਪਰਾ ਨੂੰ ਵੀ ਇਥੋਂ ਤਬਦੀਲ ਕਰ ਕੇ ਹੋਰ ਅਹਿਮ ਵਿਭਾਗ ਦਿਤੇ ਗਏ ਹਨ | ਉਹ ਹੁਣ ਮਾਲ ਤੇ ਮੁੜ ਵਸੇਬਾ ਦੇ ਸਕੱਤਰ ਤੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਹੋਣਗੇ | ਇਸੇ ਤਰ੍ਹਾਂ ਹਾਲ ਹੀ ਵਿਚ ਤਰੱਕੀ ਪਾਉਣ ਵਾਲੇ ਰਾਜ ਕਮਲ ਚੌਧਰੀ ਨੂੰ ਯੋਜਨਾ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ | ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚੋਂ ਤਬਦੀਲ ਕੀਤੇ ਗਏ ਰਵੀ ਭਗਤ ਹੁਣ ਮੰਡੀ ਬੋਰਡ ਦੇ ਸਕੱਤਰ ਦੇ ਨਾਲ ਨਾਲ ਫ਼ੂਡ ਤੇ ਸਿਵਲ ਸਪਲਾਈ ਮਹਿਕਮੇ ਦੇ ਡਾਇਰੈਕਟਰ ਦਾ ਕੰਮ ਦੇਖਣਗੇ | ਪ੍ਰਮੁੱਖ ਸਕੱਤਰ ਜਸਪਾਲ ਸਿੰਘ ਕੋਲ ਹੁਣ ਸਿਰਫ਼ ਸਮਾਜਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀਆਂ ਬਾਰੇ ਮਹਿਕਮਾ ਰਹੇਗਾ | ਉਨ੍ਹਾਂ ਤੋਂ ਯੋਜਨਾ ਵਿਭਾਗ ਵਾਪਸ ਲੈ ਲਿਆ ਗਿਆ ਹੈ | ਨੀਲਮਾ ਨੂੰ ਐਮ.ਡੀ.ਪੀ. ਐਸ.ਆਈ.ਈ.ਸੀ., ਰਾਜੀਵ ਪ੍ਰਾਸ਼ਰ ਨੂੰ ਵਿਸ਼ੇਸ਼ ਸਕੱਤਰ ਮਾਲ ਤੇ ਮੁੜ ਵਸੇਬਾ ਅਤੇ ਸਕੱਤਰ ਲੋਕਪਾਲ ਦੇ ਪਦ 'ਤੇ ਤੈਨਾਤ ਕੀਤਾ ਗਿਆ ਹੈ | ਸੁਮੀਤ ਜਗਰਾਲ ਜਾਇੰਟ ਵਿਕਾਸ ਕਮਿਸ਼ਨਰ (ਆਈ.ਆਰ.ਡੀ.) ਤੇ ਕਮਿਸ਼ਨਰ ਨਰੇਗਾ ਹੋਣਗੇ |