ਕੁੜੀ ਨੇ ਮੰਗੀ ਪੰਜਾਬ ਰੋਡਵੇਜ਼ 'ਚ ਡਰਾਈਵਰ ਦੀ ਨੌਕਰੀ, ਰਾਜਾ ਵੜਿੰਗ ਨੇ ਕੀਤੀ ਵਿਭਾਗ ਨੂੰ ਸਿਫ਼ਾਰਿਸ਼
Raja Warring ਨੇ ਉਸੇ ਵੇਲੇ ਲਾ ਲਿਆ MD ਨੂੰ ਫ਼ੋਨ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੀਤੇ ਦਿਨ ਟਰਾਂਸਪੋਰਟ ਵਿਭਾਗ ਵਿਚ ਨਵੀਆਂ ਰੋਡਵੇਜ਼ ਦੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਸਨ ਜਿਸ ਤਹਿਤ ਮੁਲਾਜ਼ਮਾਂ ਦੀ ਨਵੀਂ ਭਰਤੀ ਵੀ ਸੰਭਾਵੀ ਤੌਰ 'ਤੇ ਕੀਤੀ ਜਾਵੇਗੀ। ਉਧਰ ਵਿਭਾਗ ਦੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਲਗਾਤਾਰ ਲੋਕਪੱਖੀ ਕੰਮ ਕੀਤੇ ਜਾ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਅੱਜ ਦੇਖਣ ਨੂੰ ਮਿਲੀ।
ਦੱਸ ਦੇਈਏ ਕਿ ਅੱਜ ਰਾਜਾ ਵੜਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਆਉਣਾ ਸੀ ਜਿਨ੍ਹਾਂ ਦਾ ਇੱਕ ਲੜਕੀ ਤਿੰਨ ਘੰਟੇ ਇੰਤਜ਼ਾਰ ਕਰਦੀ ਰਹੀ ਅਤੇ ਜਦੋ ਵੜਿੰਗ ਪੰਜਾਬ ਭਵਨ ਪਹੁੰਚੇ ਤਾਂ ਪਹਿਲਾਂ ਉਸ ਲੜਕੀ ਨੂੰ ਮਿਲੇ। ਮੰਤਰੀ ਵੜਿੰਗ ਨੇ ਜਦੋ ਉਸ ਦੀ ਗਲਬਾਤ ਸੁਣੀ ਤਾਂ ਪਤਾ ਲੱਗਾ ਕਿ ਉਹ ਪੰਜਾਬ ਰੋਡਵਜ਼ ਵਿਚ ਡਰਾਈਵਰ ਲਗਣਾ ਚਾਹੁੰਦੀ ਹੈ।
ਜਾਣਕਾਰੀ ਅਨੁਸਾਰ ਇਸ ਲੜਕੀ ਦਾ ਨਾਮ ਸੋਨੀਆ ਹੈ ਅਤੇ ਇਹ 25 ਵਰ੍ਹਿਆਂ ਦੀ ਹੈ। ਸੋਨੀਆ ਨੇ ਦੱਸਿਆ ਕਿ ਉਸ ਦੇ ਪਿਤਾ ਇਸ ਦੁਨੀਆ ਵਿਚ ਨਹੀਂ ਹਨ ਅਤੇ ਉਸ ਦੀ ਮਾਤਾ ਵੀ ਹਰਿਆਣਾ ਵਿਚ ਰਹਿੰਦੀ ਹੈ ਅਤੇ ਇਹ ਲੜਕੀ ਦਾ ਪਿਛੋਕੜ ਖੇਡਾਂ ਨਾਲ ਸਬੰਧਤ ਹੈ। ਰਾਜਾ ਵੜਿੰਗ ਨੇ ਵਿਭਾਗ ਨੂੰ ਮੈਰਿਟ ਦੇ ਆਧਾਰ 'ਤੇ ਪੀ.ਆਰ.ਟੀ.ਸੀ. ਵਿਚ ਬਤੌਰ ਡਰਾਈਵਰ ਨਿਯੁਕਤ ਕਰਨ ਦੇ ਨਿਰਦੇਸ਼ ਦਿਤੇ ਹਨ।
ਦੱਸ ਦੇਈਏ ਕਿ ਰਾਜਾ ਵੜਿੰਗ ਨੇ ਉਸ ਸਮੇਂ ਹੀ ਵਿਭਾਗ ਦੇ ਐਮ.ਡੀ. ਨੂੰ ਫੋਨ ਲਗਾਇਆ ਅਤੇ ਉਸ ਲੜਕੀ ਬਾਰੇ ਪੂਰੀ ਗੱਲ ਦੱਸੀ। ਉਨ੍ਹਾਂ ਨੇ ਮਹਿਕਮੇਂ ਨੂੰ ਕਿਹਾ ਕਿ ਉਸ ਲੜਕੀ ਦੀ ਸੁਣਵਾਈ ਕੀਤੀ ਜਾਵੇ ਅਤੇ ਉਸ ਨੂੰ ਕਰੀਬ ਪੰਦਰਾਂ ਦਿਨ ਦੇ ਟ੍ਰਾਇਲ 'ਤੇ ਰੱਖਿਆ ਜਾਵੇ। ਰਾਜਾ ਵੜਿੰਗ ਨੇ ਨੌਕਰੀ ਮੰਗਣ ਆਈ ਉਸ ਲੜਕੀ ਦੀ ਗੱਲ ਵਿਚ ਹਾਮੀ ਭਰਦਿਆਂ ਕਿਹਾ ਕਿ ਜੇਕਰ ਵਿਭਾਗ ਦੇ ਐਮ.ਡੀ. ਇੱਕ ਔਰਤ ਹੋ ਸਕਦੀ ਹੈ ਤਾਂ ਡਰਾਈਵਰ ਵੀ ਇੱਕ ਲੜਕੀ ਕਿਉਂ ਨਹੀਂ ਹੋ ਸਕਦੀ।