ਕਾਂਗਰਸੀ ਵਿਧਾਇਕ ਸਿੱਕੀ 'ਤੇ ਲੱਗੇ ਝੂਠੇ ਪਰਚੇ ਕਰਵਾਉਣ ਦੇ ਇਲਜ਼ਾਮ, ਵਿਧਾਇਕ ਨੇ ਸਿਰੇ ਤੋਂ ਨਕਾਰੇ
ਪ੍ਰਧਾਨ ਨੇ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ।
ਖਡੂਰ ਸਾਹਿਬ : ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ 'ਤੇ ਟਰੱਕ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਇਲਜ਼ਾਮ ਲਗਾਏ ਗਏ ਹਨ ਕਿ ਰਮਨਜੀਤ ਸਿੱਕੀ ਵਲੋਂ ਉਨ੍ਹਾਂ 'ਤੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰ ਦਾਸ ਟਰੱਕ ਐਂਡ ਟੈਂਪੂ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਦਿਤੀ ਗਈ।
ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਐਸੋਸੀਏਸ਼ਨ ਵੱਲੋਂ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਸਮੇਤ ਐਸੋਸਿਏਸ਼ਨ ਦੇ ਕਈ ਅਹੁਦੇਦਾਰਾਂ ਉੱਤੇ ਮਾਰਕੁੱਟ ਅਤੇ ਟਰੱਕ ਚੋਰੀ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਧਾਇਕ ਸਿੱਕੀ ਦੀ ਮਿਲੀਭੁਗਤ ਨਾਲ ਉਨ੍ਹਾਂ 'ਤੇ 307 ਦਾ ਪਰਚਾ ਦਰਜ ਕਰਵਾਇਆ ਗਿਆ ਹੈ। ਜਿਸ ਤਹਿਤ ਇੱਕ ਹਫ਼ਤਾ ਹਵਾਲਾਤ ਵਿਚ ਰੱਖਿਆ ਅਤੇ ਫਿਰ ਰੋਜ਼ ਪੁੱਛਗਿੱਛ ਲਈ ਥਾਣੇ ਲਿਜਾਇਆ ਜਾਂਦਾ ਸੀ ਅਤੇ ਕਰੀਬ 12-13 ਦਿਨ ਇਹ ਸਿਲਸਿਲਾ ਚੱਲਿਆ।
ਟਰੱਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਇਲਜ਼ਾਮ ਲਗਾਇਆ ਕਿ ਐਸੋਸੀਏਸ਼ਨ ਵੱਲੋਂ ਵੈਲਫੇਅਰ ਵਾਸਤੇ ਇਕਠੇ ਕੀਤੇ ਗਏ ਫ਼ੰਡ ਵਿੱਚੋਂ ਹਰ ਮਹੀਨੇ ਹਲਕਾ ਵਿਧਾਇਕ ਵੱਲੋਂ ਇੱਕ ਬੰਦਾ ਭੇਜ ਕੇ ਉਨ੍ਹਾਂ ਦੀ ਐਸੋਸੀਏਸ਼ਨ ਕੋਲੋਂ ਟੈਕਸ ਲੈ ਕੇ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਦੀ ਐਸੋਸੀਏਸ਼ਨ ਦੇ ਕਈ ਅਹੁਦੇਦਾਰਾਂ 'ਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ। ਪ੍ਰਧਾਨ ਨੇ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਸੁਖਦੇਵ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਮਾਮਲੇ ਦੀ ਜਾਂਚ ਕਰਾਉਣ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਪਹਿਲੀ ਕਮੇਟੀ ਨਾਲ ਉਨ੍ਹਾਂ ਦਾ ਪੁਰਾਣ ਝਗੜਾ ਸੀ ਜਿਸ ਨੂੰ ਸੁਲਝਾਉਣ ਲਈ ਰਮਨਜੀਤ ਸਿੱਕੀ ਨੇ ਦਖ਼ਲ ਦਿਤਾ ਪਰ ਮਾਮਲਾ ਹਲ੍ਹ ਹੋਣ ਦੀ ਬਜਾਏ ਹੋਰ ਵਿਗੜ ਗਿਆ ਹੈ। ਦੂਜੇ ਪਾਸੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਟਰੱਕ ਐਸੋਸੀਏਸ਼ਨ ਦੇ ਦੋ ਧਿਰ ਬਣੇ ਹੋਏ ਹਨ ਅਤੇ ਦੋਹਾਂ ਵਿੱਚ ਝਗੜਾ ਚਲਦਾ ਹੈ ਅਤੇ ਉਹ ਚਾਹੁੰਦੇ ਸਨ ਕਿ ਦੋਵੇਂ ਧਿਰਾਂ ਦਾ ਝਗੜਾ ਖ਼ਤਮ ਹੋ ਜਾਵੇ । ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਇਸ ਝਗੜੇ ਨੂੰ ਖ਼ਤਮ ਕਰਨਾ ਸੀ ਅਤੇ ਉਨ੍ਹਾਂ ਨੇ ਕਿਸੇ ਲਾਲਚ ਵਸ ਇਸ ਵਿਚ ਸ਼ਮੂਲੀਅਤ ਨਹੀਂ ਕੀਤੀ ਹੈ।