ਚੋਣਾਂ ਲੜਨ ਵਾਲੇ ਕਿਸਾਨ ਨਹੀਂ ਰਹਿਣਗੇ MSP ਕਮੇਟੀ ਦਾ ਹਿੱਸਾ ਰਾਕੇਸ਼ ਟਿਕੈਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਮੇਟੀ 'ਚ ਬਲਬੀਰ ਰਾਜੇਵਾਲ ਅਤੇ ਗੁਰਨਾਮ ਚੜੂਨੀ ਵੀ ਹਨ ਸ਼ਾਮਲ

Farmers contesting elections will no longer be part of MSP committee: Rakesh Tikait

ਮੁਹਾਲੀ (ਸੁਰਖ਼ਾਬ ਚੰਨ) : ਸਿਆਸਤ ਵਿਚ ਪੈਰ ਰੱਖਣ ਵਾਲੇ ਅਤੇ ਚੋਣਾਂ ਲੜਨ ਵਾਲੇ MSP ਕਮੇਟੀ ਦਾ ਹਿੱਸਾ ਨਹੀਂ ਰਹਿਣਗੇ। ਇਹ ਬਿਆਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤਾ ਹੈ। ਜੇਕਰ ਗੱਲ ਕੀਤੀ ਜਾਵੇ ਸਿਆਸਤ ਵਿਚ ਆਏ ਕਿਸਾਨ ਆਗੂਆਂ ਦੀ ਤਾਂ ਉਨ੍ਹਾਂ ਵਿਚ ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚੜੂਨੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਇਹ ਦੋਵੇਂ ਕਿਸਾਨ ਆਗੂ ਐਮ.ਐਸ.ਪੀ. ਕਮੇਟੀ ਵਿਚ ਵੀ ਹਨ। 

ਦੱਸਣਯੋਗ ਹੈ ਕਿ ਦਿੱਲੀ ਵਿਖੇ ਕਿਰਸਾਨੀ ਸੰਘਰਸ਼ ਦੌਰਾਨ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਹਾਲਾਂਕਿ ਭਾਰਤ ਸਰਕਾਰ ਵਲੋਂ ਕਮੇਟੀ ਬਣਾਉਣੀ ਅਜੇ ਬਾਕੀ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਮੇਟੀ ਵੀ ਜਲਦ ਹੀ ਬਣਾਈ ਜਾਵੇ। ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਵਿਚ ਯੁੱਧਵੀਰ ਸਿੰਘ, ਸ਼ਿਵ ਕੁਮਾਰ ਕੱਕਾ, ਬਲਬੀਰ ਸਿੰਘ ਰਾਜੇਵਾਲ, ਅਸ਼ੋਕ ਧਾਵਲੇ ਅਤੇ ਗੁਰਨਾਮ ਸਿੰਘ ਚੜੂਨੀ ਸ਼ਾਮਲ ਹਨ।  

ਇਨ੍ਹਾਂ ਵਿੱਚੋ ਦੋ ਨਾਮ ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਸੀ ਉਹ ਅੰਦੋਲਨ ਤੱਕ ਹੀ ਬਣੀ ਸੀ। ਉਨ੍ਹਾਂ ਕਿਹਾ ਕਿ 15 ਜਨਵਰੀ ਤੋਂ ਬਾਅਦ ਇਸ 'ਤੇ ਫ਼ੈਸਲਾ ਲਿਆ ਜਾਵੇਗਾ।

ਟਿਕੈਤ ਨੇ ਕਿਹਾ ਹੈ ਕਿ ਅਸੀਂ ਚੋਣਾਂ ਦਾ ਵਿਰੋਧ ਨਹੀਂ ਕਰਦੇ ਪਰ ਜਿਹੜੇ ਆਗੂ ਚੋਣਾਂ ਵਿਚ ਹਿੱਸਾ ਲੈ ਰਹੇ ਹਨ ਉਹ ਕਮੇਟੀ ਦਾ ਹਿੱਸਾ ਨਹੀਂ ਰਹਿ ਸਕਦੇ।

ਪ੍ਰਧਾਨ ਮੰਤਰੀ ਮੋਦੀ ਵਲੋਂ ਨਵੇਂ ਵਰ੍ਹੇ 'ਤੇ ਦਿਤੇ ਤੋਹਫ਼ੇ ਬਾਰੇ ਬੋਲਦਿਆਂ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਨੁਸਾਰ ਅੱਜ ਤੋਂ ਯਾਨੀ ਸਾਲ ਦੇ ਪਹਿਲੇ ਹੀ ਦਿਨ ਤੋਂ ਫਸਲ 'ਦੇ ਭਾਅ ਦੋ ਗੁਣਾਂ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਦੇਖਦੇ ਹਨ ਕਿ ਇਹ ਸਿਰਫ ਐਲਾਨ ਹੀ ਰਹੇਗਾ ਜਾ ਪੂਰਾ ਵੀ ਹੋਵੇਗਾ।  ਇਸ ਤੋਂ ਇਲਾਵਾ ਟਿਕੈਤ ਨੇ ਕਿਹਾ ਕਿ BJP ਦਾ ਜੋ ਕਰਮਕਾਂਡ ਹੈ ਉਸ ਤੋਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਪੰਜਾਬ ਸਿਆਸਤ ਅਤੇ ਪੰਜਾਬ ਵਿਧਾਨ ਸਭ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਭਾਜਪਾ ਨੇ ਗਠਜੋੜ ਕੀਤਾ ਹੈ ਪਰ ਇਸ ਦਾ ਚੋਣਾਂ 'ਤੇ ਕੋਈ ਅਸਰ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਟਿਕੈਤ ਨੇ ਕਿਹਾ ਕਿ ਨਾ ਤਾਂ ਉਹ ਖੁਦ ਅਤੇ ਨਾ ਹੀ ਪਰਿਵਾਰਕ ਮੈਂਬਰ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲੜਨਗੇ।

ਉਨ੍ਹਾਂ ਪੰਜਾਬ ਦੀਆਂ 22 ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦੇ ਐਲਾਨ ਬਾਰੇ ਕਿਹਾ ਕਿ ਇਹ ਉਥੋਂ ਤਾਂ ਛੁੱਟੀ ਉਤੇ ਆਏ ਸਨ, ਹੁਣ ਛੁੱਟੀ ਉਤੇ ਆਇਆ ਕੋਈ ਕੀ ਕਰਦਾ ਹੈ, ਇਸ ਦੀ ਜ਼ਿੰਮੇਵਾਰੀ ਤਾਂ ਉਨ੍ਹਾਂ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲ਼ੜਨ ਵਾਲੇ ਆਗੂ ਐਮਐਸਪੀ ਕਮੇਟੀ ਦਾ ਹਿੱਸਾ ਨਹੀਂ ਰਹਿਣਗੇ।