ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ 'ਚ ਕੀਤੀ ਚੋਣ ਰੈਲੀ, ਵਿਰੋਧੀ ਪਾਰਟੀਆਂ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
ਪੰਜ ਦਿਨ ਬਾਅਦ ਕਾਂਗਰਸ ਦੀ ਹਕੂਮਤ ਖ਼ਤਮ ਹੋ ਜਾਵੇਗੀ - ਪ੍ਰਕਾਸ਼ ਸਿੰਘ ਬਾਦਲ
ਚੰਡੀਗੜ੍ਹ : ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਧਿਰਾਂ ਵਲੋਂ ਜੋਸ਼ ਖਰੋਸ਼ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੀ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੀ ਪਹੁੰਚੇ। ਇਥੇ ਚੋਣ ਰੈਲੀ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੀਤੇ ਦਿਨੀਂ ਗੈਂਗਸਟਰਾਂ ਵਲੋਂ ਕੀਤੇ ਹਮਲੇ ਸਬੰਧੀ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿਚ ਹਰ ਗ਼ਲਤ ਕੰਮ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਅਤੇ ਬੰਬ ਧਮਾਕੇ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ ਤਾਂ ਇਹ ਗੱਲਾਂ ਉਨ੍ਹਾਂ ਸਾਹਮਣੇ ਕੁਝ ਵੀ ਨਹੀਂ ਹਨ। ਅਸੀਂ ਸੋਚ ਵੀ ਨਹੀਂ ਸਕਦੇ ਕਿ ਕੀ ਹੋ ਸਕਦਾ ਹੈ। ਹੁਣ ਪੰਜਾਬ ਸੁਰੱਖਿਅਤ ਨਹੀਂ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੋ ਵੀ ਘਟਨਾਵਾਂ ਹੋ ਰਹੀਆਂ ਹਨ ਉਹ ਇਹ ਕਹਿ ਦਿਤਾ ਜਾਂਦਾ ਹੈ ਕਿ ਇਹ ਅਸਲਾ ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਬਾਹਰਲੇ ਤੱਤਾਂ ਕਾਰਨ ਹੋ ਰਹੀਆਂ ਹਨ ਪਰ ਸੱਚ ਇਹ ਹੈ ਕਿ ਇਨ੍ਹਾਂ ਕੋਲ ਪੁਖ਼ਤਾ ਪ੍ਰਬੰਧ ਹੀ ਨਹੀਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਾਰ-ਵਾਰ ਡੀ.ਜੀ.ਪੀ. ਬਦਲੇ ਜਾ ਰਹੇ ਹਨ ਕਿਉਂਕਿ ਪਹਿਲਾਂ ਨੇ ਬਾਦਲਾਂ 'ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ ਸੀ ਪਰ ਹੁਣ ਨਵੇਂ ਲਗਾਏ ਡੀ.ਜੀ.ਪੀ. ਨੇ ਇਸ ਗੱਲ ਦੀ ਹਾਮੀ ਭਰੀ ਹੈ ਤਾਂ ਉਸ ਦੀ ਤੈਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਜੀਠੀਏ ਨੂੰ ਫੜ੍ਹ ਲੈਣ ਜਾਣ ਸਾਨੂੰ ਫੜ੍ਹ ਲੈਣ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ ਇਹ ਬਹੁਤ ਹੀ ਬਦਕਿਸਮਤੀ ਹੈ ਕਿ ਇਹੋ ਜਿਹੀ ਸਰਕਾਰ ਹੈ।
ਕਾਂਗਰਸ ਦੇ ਅੰਦਰੂਨੀ ਕਲੇਸ਼ ਬਾਰੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਖੇਡਾਂ ਹੋਣ ਜਾਂ ਸਿਆਸਤ ਜੇਕਰ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਨਹੀਂ ਕਰਦੇ ਤਾਂ ਉਹ ਜਿੱਤ ਨਹੀਂ ਸਕਦੇ। ਜੇਕਰ ਆਪਸ ਵਿਚ ਹੀ ਲੜੀ ਜਾਣਗੇ ਤਾਂ ਲੋਕਾਂ ਦਾ ਕਿ ਸਵਾਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨੁਮਾਂਇੰਦੇ ਕਦੇ ਵੀ ਮਿਲ ਕੇ ਨਹੀਂ ਚਲਦੇ ਅਤੇ ਸਿਰਫ਼ ਸਾਨੂੰ ਨਿੰਦਣ ਨਾਲ ਇਨ੍ਹਾਂ ਦਾ ਭਲਾ ਨਹੀਂ ਹੋਵੇਗਾ।
ਨਵਜੋਤ ਸਿੱਧੂ ਵਲੋਂ ਸਿਆਸੀ ਪਿੜ ਵਿਚ ਮਜੀਠੀਆ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿਤੀ ਚੁਣੌਤੀ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਮੈਂ ਅਜਿਹੀਆਂ ਚੁਣੌਤੀਆਂ ਤੋਂ ਦੂਰ ਹੀ ਰਹਿੰਦਾ ਹਾਂ। ਉਹ ਜਿਥੋਂ ਮਰਜ਼ੀ ਚੋਣ ਲੜਣ, ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਝੂਠੇ ਵਾਅਦੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰ ਜਾਂਦਾ ਹੈ ਉਸ 'ਤੇ ਇਤਬਾਰ ਕੀ ਹੋਵੇਗਾ। ਇਨ੍ਹਾਂ ਦੇ ਮਹਿਜ਼ ਪੰਜ ਦਿਨ ਰਹਿ ਗਏ ਹਨ, ਹੁਣ ਇਹ ਕੀ ਕਰ ਲੈਣਗੇ। ਪੰਜ ਦਿਨ ਬਾਅਦ ਇਨ੍ਹਾਂ ਦੀ ਹਕੂਮਤ ਖ਼ਤਮ ਹੋ ਜਾਵੇਗੀ ਅਤੇ ਵਾਗਡੋਰ ਚੋਣ ਕਮਿਸ਼ਨ ਦੇ ਹੱਥ ਵਿਚ ਆ ਜਾਵੇਗੀ। ਫਿਰ ਇਹ ਸਾਰੇ ਗ਼ਲਤ ਫ਼ੈਸਲੇ ਬਦਲੇ ਜਾਣਗੇ।