ਨਵਾਂ ਸਾਲ ਮਨਾਉਣ ਗਏ ਪੰਜਾਬੀ ਨਾਲ ਹਿਮਾਚਲ 'ਚ ਵਾਪਰਿਆ ਵੱਡਾ ਭਾਣਾ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਵਾਣੂ ਨੇੜੇ ਕਾਰ ਖੱਡ 'ਚ ਡਿੱਗਣ ਕਾਰਨ ਵਾਪਰਿਆ ਹਾਦਸਾ 

Ravi Singla (file photo)

ਮੰਡੀ ਗੋਬਿੰਦਗੜ੍ਹ : ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਸ਼ਹਿਰ ਵਿਖੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਨੌਜਵਾਨਾਂ ਦੀ ਕਾਰ ਹਾਈਵੇ ਤੋਂ ਖਾਈ ਵਿਚ ਡਿੱਗਣ ਦੀ ਸੂਚਨਾ ਮਿਲੀ ਹੈ ਜਿਸ ਵਿਚ ਸਵਾਰ ਨੌਜਵਾਨਾਂ ਵਿਚੋਂ 2 ਦੀ ਮੌਤ ਹੋ ਗਈ ਜਦੋਂਕਿ 3 ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਕਾਰ ਵਿਚ ਸਵਾਰ ਨੌਜਵਾਨ ਮੰਡੀ ਗੋਬਿੰਦਗੜ੍ਹ ਤੋਂ ਨਵਾਂ ਸਾਲ ਮਨਾਉਣ ਲਈ 30 ਦਸੰਬਰ ਨੂੰ ਸ਼ਿਮਲਾ ਆਏ ਸਨ।
 
ਹਾਦਸੇ ਦੌਰਾਨ ਜ਼ਖ਼ਮੀ ਕੁੰਦਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਵਿਚ ਰਵੀ ਸਿੰਗਲਾ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ 30 ਦਸੰਬਰ ਨੂੰ ਦੁਕਾਨ ਬੰਦ ਕਰਨ ਤੋਂ ਬਾਅਦ ਦੁਕਾਨ ਮਾਲਕ ਰਵੀ ਸਿੰਗਲਾ ਦੇ ਨਾਲ ਉਸ ਦੀ ਕਾਰ ਵਿਚ ਘੁੰਮਣ ਲਈ ਹਿਮਾਚਲ ਆਏ ਸਨ ਅਤੇ ਦੁਕਾਨ ’ਤੇ ਕੰਮ ਕਰਨ ਵਾਲਾ ਰਵਿੰਦਰ ਕੁਮਾਰ, ਚੰਦਨ ਕੁਮਾਰ ਅਤੇ ਰਾਧੇ ਸ਼ਿਆਮ ਵੀ ਉਨ੍ਹਾਂ ਨਾਲ ਸਨ। 

ਉਸ ਨੇ ਦਸਿਆ ਕਿ ਹਿਮਾਚਲ ਘੁੰਮਣ ਤੋਂ ਬਾਅਦ ਉਹ ਮੰਡੀ ਗੋਬਿੰਦਗੜ੍ਹ ਵਾਪਸ ਜਾ ਰਹੇ ਸਨ ਅਤੇ ਕਾਰ ਦੁਕਾਨ ਮਾਲਕ ਰਵੀ ਸਿੰਗਲਾ ਹੀ ਚਲਾ ਰਿਹਾ ਸੀ। ਉਸ ਨੇ ਦਸਿਆ ਕਿ ਰਸਤੇ ਵਿਚ ਕਸ਼ਯਪ ਢਾਬੇ ਨਜ਼ਦੀਕ ਤਿੱਖਾ ਮੋੜ ਹੋਣ ਕਾਰਨ ਰਵੀ ਸਿੰਗਲਾ ਨੇ ਕਾਰ ਦਾ ਸੰਤੁਲਨ ਖੋਹ ਦਿਤਾ ਅਤੇ ਕਾਰ ਹੇਠਾਂ ਖਾਈ ਵਿਚ ਡਿੱਗ ਗਈ ਜਿਸ ਕਾਰਨ ਕਾਰ ਚਾਲਕ ਰਵੀ ਸਿੰਗਲਾ (39) ਵਾਸੀ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ ਅਤੇ ਰਾਧੇ ਸ਼ਿਆਮ (21) ਵਾਸੀ ਖ਼ਾਨਪੁਰ (ਬਿਹਾਰ) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬਾਕੀ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।