Punjab news: ਨਵੇਂ ਵਰ੍ਹੇ ਮੌਕੇ ਸੂਬਾ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬੀਆਂ ਦੀ ਝੋਲੀ ਪਾਇਆ
‘ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ’ ਰੱਖਿਆ ਗਿਆ ਨਾਂਅ
Punjab news: ਪੰਜਾਬ ਦੇ ਲੋਕਾਂ ਲਈ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ। ਸੂਬੇ 'ਚ ਬਿਜਲੀ ਸੰਕਟ 'ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਸਸਤੇ ਭਾਅ 'ਤੇ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਰਹੀਆਂ ਹਨ। ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿਤਾ ਹੈ।
ਪੰਜਾਬ ਸਰਕਾਰ ਨੇ 540 ਮੈਗਾਵਾਟ ਦਾ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ਰੁਪਏ ਵਿਚ ਖਰੀਦਿਆ ਹੈ। ਇਸ ਨੂੰ ਹੈਦਰਾਬਾਦ ਦੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ 22 ਦਸੰਬਰ ਨੂੰ ਮਨਜ਼ੂਰੀ ਦਿਤੀ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਪਾਵਰਕੌਮ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਸਰਕਾਰ ਨੇ ਕਰੀਬ 6 ਮਹੀਨੇ ਗੁਪਤ ਮੁਹਿੰਮ ਚਲਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ। ਇਸ ਥਰਮਲ ਨੂੰ ਖਰੀਦਣ ਦੀ ਦੌੜ ਵਿਚ 10 ਕੰਪਨੀਆਂ ਸ਼ਾਮਲ ਸਨ। ਇਸ ਵਿਚ ਪਾਵਰਕੌਮ ਨੂੰ ਸਖ਼ਤ ਮੁਕਾਬਲੇ ਵਿਚ ਇਹ ਸਫ਼ਲਤਾ ਮਿਲੀ ਹੈ।
ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਸਰਕਾਰ ਨੇ ਇਸ ਦਾ ਨਾਂਅ ‘ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ’ ਰੱਖਿਆ ਹੈ। ਪੰਜਾਬ 'ਚ ਇਸ ਤੋਂ ਪਹਿਲਾਂ ਬਠਿੰਡਾ 'ਚ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ, ਲਹਿਰਾ ਮੁਹੱਬਤ ਗੁਰੂ ਗੋਬਿੰਦ ਸਾਹਿਬ ਦੇ ਨਾਂ 'ਤੇ ਅਤੇ ਰੋਪੜ 'ਚ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਥਰਮਲ ਬਣ ਚੁੱਕਾ ਹੈ। 1 ਜਨਵਰੀ 2018 ਨੂੰ ਕਾਂਗਰਸ ਸਰਕਾਰ ਨੇ ਬਠਿੰਡਾ ਥਰਮਲ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰ ਦਿਤੇ ਸਨ। ਗੋਇੰਦਵਾਲ ਥਰਮਲ ਪਲਾਟ ਦੀ ਖਰੀਦ ਜਨਤਕ ਖੇਤਰ ਨੂੰ ਮਜ਼ਬੂਤ ਕਰੇਗੀ।
ਸਸਤੀ ਬਿਜਲੀ ਦਾ ਰਾਹ ਪੱਧਰਾ
ਗੋਇੰਦਵਾਲ ਸਾਹਿਬ ਪ੍ਰਾਈਵੇਟ ਥਰਮਲ ਪਲਾਂਟ ਤੋਂ ਬਿਜਲੀ 4 ਤੋਂ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੇਗੀ। ਜਦਕਿ ਪਹਿਲਾਂ ਇਸ ਦੀ ਕੀਮਤ 9 ਤੋਂ 10 ਰੁਪਏ ਸੀ। ਪੰਜਾਬ ਵਿਚ ਸੱਭ ਤੋਂ ਮਹਿੰਗੀ ਬਿਜਲੀ ਇਸ ਥਰਮਲ ਪਾਵਰ ਤੋਂ ਮਿਲੀ। ਪਾਵਰਕੌਮ ਹੁਣ ਅਪਣੀ ਪਛਵਾੜਾ ਕੋਲਾ ਖਾਨ ਵਿਚੋਂ ਕੋਲੇ ਦੀ ਵਰਤੋਂ ਕਰ ਸਕੇਗਾ। ਇਸ ਨਾਲ ਬਿਜਲੀ ਦੀ ਲਾਗਤ ਘਟੇਗੀ। ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾ ਨੇ ਖਰੀਦ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਪੰਜਾਬ ਮੰਤਰੀ ਮੰਡਲ ਨੇ 10 ਜੂਨ, 2023 ਨੂੰ ਗੋਇੰਦਵਾਲ ਥਰਮਲ ਪਲਾਂਟ ਦੀ ਖਰੀਦ ਲਈ ਹਰੀ ਝੰਡੀ ਦੇ ਦਿਤੀ ਸੀ। ਇਸ ਦੇ ਲਈ ਕੈਬਨਿਟ ਸਬ ਕਮੇਟੀ ਨੇ ਵਿੱਤੀ ਅਤੇ ਕਾਨੂੰਨੀ ਨਜ਼ਰੀਏ ਤੋਂ ਤੱਥਾਂ ਦੀ ਜਾਂਚ ਕੀਤੀ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਪਾਵਰਕੌਮ ਨੇ ਜੂਨ ਮਹੀਨੇ ਵਿਚ ਥਰਮਲ ਪਲਾਂਟ ਖਰੀਦਣ ਲਈ ਬੋਲੀ ਦਿਤੀ ਸੀ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਇਸ ਖਰੀਦ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿਤੀ ਹੈ।
ਇਸ ਥਰਮਲ ਨੂੰ ਚਲਾਉਣ ਵਾਲੇ ਜੀਵੀਕੇ ਗਰੁੱਪ ਦੀ ਵਿੱਤੀ ਹਾਲਤ ਪਹਿਲਾਂ ਹੀ ਖ਼ਰਾਬ ਹੋ ਚੁੱਕੀ ਸੀ। ਗਰੁੱਪ ਨੇ ਦਰਜਨ ਤੋਂ ਵੱਧ ਬੈਂਕਾਂ ਤੋਂ ਕਰਜ਼ਾ ਲਿਆ ਹੈ। ਜੋ ਵਧ ਕੇ 6600 ਕਰੋੜ ਰੁਪਏ ਹੋ ਗਿਆ। ਪਲਾਂਟ ਦੀ ਟੀਮ ਨੇ ਅਕਤੂਬਰ 2022 ਵਿਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਹੈਦਰਾਬਾਦ ਵਿਚ ਕੇਸ ਦਾਇਰ ਕੀਤਾ ਸੀ। ਇਸ ਪ੍ਰਾਈਵੇਟ ਥਰਮਲ ਕੰਪਨੀ ਨੂੰ ਦੀਵਾਲੀਆ ਐਲਾਨ ਦਿਤਾ ਗਿਆ ਹੈ।
(For more Punjabi news apart from Punjab Government Bought Goindwal Thermal Plant on New Year, stay tuned to Rozana Spokesman)