ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਫ਼ਰਜ਼ੀ ਨਿਹੰਗ ਬਣ ਕੇ ਘੁੰਮਦਾ ਨੌਜਵਾਨ ਕਾਬੂ
ਨਵਾਂ ਸਾਲ ਦੇ ਪਹਿਲੇ ਦਿਨ ਸੰਗਤ ਦੀ ਆਸਥਾ ਨਾਲ ਖਿਲਵਾਰ, ਮੋਬਾਈਲ ਚੋਰੀ ਦੀ ਕੋਸ਼ਿਸ਼ ਦਾ ਦੋਸ਼
ਅੰਮ੍ਰਿਤਸਰ: ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੱਜ ਇੱਕ ਬਹੁਤ ਹੀ ਗੰਭੀਰ ਅਤੇ ਨਿੰਦਣਯੋਗ ਘਟਨਾ ਸਾਹਮਣੇ ਆਈ, ਜਿਸ ਨੇ ਸੰਗਤ ਦੀਆਂ ਭਾਵਨਾਵਾਂ ਨੂੰ ਝੰਝੋੜ ਕੇ ਰੱਖ ਦਿੱਤਾ। ਨਵੇਂ ਸਾਲ ਦੇ ਪਹਿਲੇ ਦਿਨ ਦਰਬਾਰ ਸਾਹਿਬ ਪਹੁੰਚੇ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਨਿਹੰਗ ਸਿੰਘ ਦੱਸਦੇ ਹੋਏ ਪਵਿੱਤਰ ਬਾਣਾ ਅਤੇ ਦਮਾਲਾ ਸਜਾਇਆ ਹੋਇਆ ਸੀ, ਪਰ ਉਸ ਦੀਆਂ ਹਰਕਤਾਂ ਨੇ ਉਸ ਦੀ ਹਕੀਕਤ ਬੇਨਕਾਬ ਕਰ ਦਿੱਤੀ।
ਜਾਣਕਾਰੀ ਮੁਤਾਬਕ ਨੌਜਵਾਨ ਨੇ ਨਿਹੰਗਾਂ ਵਾਲਾ ਬਾਣਾ ਤਾਂ ਪਹਿਨਿਆ ਹੋਇਆ ਸੀ, ਪਰ ਉਸ ਕੋਲ ਨਾਂ ਤਾਂ ਸ੍ਰੀ ਸਾਹਿਬ (ਕਿਰਪਾਨ) ਸੀ ਅਤੇ ਨਾਂ ਹੀ ਨਿਹੰਗ ਮਰਯਾਦਾ ਅਨੁਸਾਰ ਲੋੜੀਂਦੀ ਧਾਰਮਿਕ ਪਛਾਣ। ਉਹ ਆਪਣੇ ਆਪ ਨੂੰ “ਬਾਬਿਆਂ ਦੇ ਦਲ” ਨਾਲ ਸੰਬੰਧਿਤ ਦੱਸ ਕੇ ਸੰਗਤ ਨੂੰ ਗੁਮਰਾਹ ਕਰ ਰਿਹਾ ਸੀ।
ਇਸੇ ਦੌਰਾਨ ਦਰਬਾਰ ਸਾਹਿਬ ਪਰਿਸਰ ਵਿੱਚ ਬਾਹਰੋਂ ਆਈ ਇੱਕ ਨੌਜਵਾਨ ਕੁੜੀ ਦਾ ਮੋਬਾਈਲ ਫ਼ੋਨ ਛੀਣੇ ਜਾਣ ਦੀ ਸ਼ਿਕਾਇਤ ਵੀ ਸਾਹਮਣੇ ਆਈ। ਦੋਸ਼ ਹੈ ਕਿ ਇਹ ਨੌਜਵਾਨ ਆਪਣੇ ਇੱਕ ਸਾਥੀ ਨਾਲ ਮਿਲ ਕੇ ਸੰਗਤ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਮੌਕੇ ’ਤੇ ਮੌਜੂਦ ਅਸਲੀ ਨਿਹੰਗ ਸਿੰਘਾਂ ਨੇ ਸਥਿਤੀ ਨੂੰ ਭਾਂਪਦਿਆਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ।
ਜਦੋਂ ਨੌਜਵਾਨ ਨਾਲ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਨਾਂ ਆਪਣੀ ਪਛਾਣ ਸਾਬਤ ਕਰ ਸਕਿਆ, ਨਾਂ ਹੀ ਨਿਹੰਗ ਮਰਯਾਦਾ ਜਾਂ ਗੁਰਸਿੱਖ ਪਰੰਪਰਾਵਾਂ ਨਾਲ ਸੰਬੰਧਿਤ ਬੁਨਿਆਦੀ ਜਾਣਕਾਰੀ ਦੇ ਸਕਿਆ। ਇਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਂਦੇ ਹੋਏ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ।
ਨਿਹੰਗ ਸਿੰਘਾਂ ਨੇ ਕਿਹਾ ਕਿ ਅਜਿਹੇ ਲੋਕ ਪਵਿੱਤਰ ਬਾਣੇ ਨੂੰ ਬਦਨਾਮ ਕਰ ਰਹੇ ਹਨ ਅਤੇ ਦਰਬਾਰ ਸਾਹਿਬ ਵਰਗੀ ਪਾਵਨ ਥਾਂ ’ਤੇ ਚੋਰੀ ਵਰਗੀਆਂ ਘਿਨੌਣੀਆਂ ਹਰਕਤਾਂ ਕਰਕੇ ਸੰਗਤ ਦੀ ਆਸਥਾ ਨੂੰ ਠੇਸ ਪਹੁੰਚਾ ਰਹੇ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਬਾਣਾ ਪਹਿਨਣਾ ਸਿਰਫ਼ ਦਿਖਾਵਾ ਨਹੀਂ, ਇਸ ਨਾਲ ਮਰਯਾਦਾ, ਚਰਿੱਤਰ ਅਤੇ ਸੇਵਾ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ।
ਘਟਨਾ ਦੀ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਬੰਧਿਤ ਅਧਿਕਾਰੀਆਂ ਤੱਕ ਵੀ ਪਹੁੰਚਾ ਦਿੱਤੀ ਗਈ ਹੈ। ਨਾਲ ਹੀ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਫ਼ਰਜ਼ੀ ਲੋਕਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪ੍ਰਬੰਧਕਾਂ ਨੂੰ ਦੇਣ।