SGPC ਦੇ ਕੰਮਾਂ ’ਚ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ : ਗਿਆਨੀ ਹਰਪ੍ਰੀਤ ਸਿੰਘ
‘ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਪੰਥਕ ਏਕਤਾ ਹੋ ਜਾਵੇਗੀ’
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਪਾਰਟੀ ਦੀ ਮਜ਼ਬੂਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਸੈਕਟਰ 30 ਵਿਖੇ ਇੱਕ ਅਹਿਮ ਬੈਠਕ ਕੀਤੀ ਗਈ। ਇਹ ਮੀਟਿੰਗ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਹੋਈ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਸਤਿੰਦਰ ਸਿੰਘ ਕੋਹਲੀ ਦੇ ਮੁੱਦੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ 10 ਕਰੋੜ ਰੁਪਏ ਦਿੱਤੇ ਜਾਂਦੇ ਸਨ ਪਰ ਫਿਰ ਕੋਹਲੀ ਨੇ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਵਿਖੇ ਮਿਰਚਾਂ, ਲੰਗਰ ਘਰ ’ਚ ਆਉਣ ਵਾਲੀਆਂ ਲੱਕੀਆਂ ਅਤੇ ਹੋਰ ਸਮੱਗਰੀ ਜਾਂਚ ਹੋ ਸਕਦੀ ਹੈ ਤਾਂ ਪਾਵਲ ਸਰੂਪਾਂ ਦੇ ਮਾਮਲੇ ’ਚ ਕੋਹਲੀ ਵੱਲੋਂ ਇੰਸਪੈਕਸ਼ਨ ਕਿਉਂ ਨਹੀਂ ਕੀਤੀ ਗਈ। ਉਸ ਦਾ ਫਰਜ਼ ਬਣਦਾ ਸੀ ਕਿ ਉਹ ਇਸ ਮਾਮਲੇ ਦੀ ਵੀ ਜਾਂਚ ਕਰਦਾ। ਉਨ੍ਹਾਂ ਕਿਹਾ ਕਿ ਸਰਕਾਰ ਕੋਹਲੀ ਕੋਲੋਂ 7.5 ਕਰੋੜ ਰੁਪਏ ਵਸੂਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇ।
ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਸਰਕਾਰ ਦੀ ਦਖਲਅੰਦਾਜ਼ੀ ’ਤੇ ਬੋਲੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਵੀ ਕਹਿੰਦੇ ਹਾਂ ਸਰਕਾਰ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਦਖਲਅੰਦਾਜ਼ੀ ਨਾ ਕਰੇ। ਪਰ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ, ਉਸ ਸਮੇਂ ਇਹ ਕਿਉਂ ਨਹੀਂ ਬੋਲੇ। ਪੰਥਕ ਏਕਤਾ ਦੇ ਸਵਾਲ ’ਤੇ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਏਕਤਾ ਕੋਈ ਵੱਡੀ ਗੱਲ ਨਹੀਂ ਹੈ ਮੈਂ ਸੁਧਾਰ ਲਹਿਰ ਦੀ ਪ੍ਰਧਾਨਗੀ ਛੱਡਦਾ ਹਾਂ ਅਤੇ ਉਧਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ ਪੰਥਕ ਏਕਤਾ ਹੋ ਜਾਵੇਗੀ। ਅਸੀਂ ਵੀ ਚਾਹੁੰਦੇ ਹਾਂ ਕਿ ਪੰਥਕ ਏਕਤਾ ਹੋ ਜਾਵੇ।
ਮਨਰੇਗਾ ਦਾ ਨਾਮ ਬਦਲੇ ਜਾਣ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬਹੁਤ ਮਾੜਾ ਫ਼ੈਸਲਾ ਹੈ। ਇਸ ਫ਼ੈਸਲੇ ਨਾਲ ਪੰਜਾਬ ਦੇ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਵੇਗਾ ਅਤੇ ਇਹ ਮਜ਼ਦੂਰ ਮਾਰੂ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਅਸੀਂ ਮਨਰੇਗਾ ਮਜ਼ਦੂਰਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ।