ਸੁਨਾਮ ਵਿਚ ਮੀਟਿੰਗ ਦੀ ਭਿਣਕ ਪੈਂਦਿਆਂ ਕਿਸਾਨਾਂ ਨੇ ਭਾਜਪਾ ਆਗੂ ਦਾ ਘਰ ਘੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਸੁਨਾਮ ਵਿਚ ਮੀਟਿੰਗ ਦੀ ਭਿਣਕ ਪੈਂਦਿਆਂ ਕਿਸਾਨਾਂ ਨੇ ਭਾਜਪਾ ਆਗੂ ਦਾ ਘਰ ਘੇਰਿਆ

image

 ਕੌਂਸਲ ਚੋਣਾਂ ਵਿਚ ਜਥੇਬੰਦੀ ਵਲੋਂ ਭਾਜਪਾ ਦੇ ਵਿਰੋਧ ਕਰਨ ਦਾ ਹਾਲ ਦੀ ਘੜੀ ਨਹੀਂ ਕੋਈ ਫ਼ੈਸਲਾ: ਗੋਬਿੰਦ ਚੱਠਾ
 

ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ (ਦਰਸ਼ਨ ਸਿੰਘ ਚੌਹਾਨ): ਸੁਨਾਮ ਦੀ ਪੁਰਾਣੀ ਅਨਾਜ ਮੰਡੀ ਅੰਦਰ ਸਥਿਤ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਦੇ ਘਰ ਭਾਜਪਾ ਆਗੂਆਂ ਵਲੋਂ ਪਾਰਟੀ ਦੀ ਮੀਟਿੰਗ ਕੀਤੇ ਜਾਣ ਦੀ ਭਿਣਕ ਪੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਕਿਯੂ ਏਕਤਾ ਸਿੱਧੂਪੁਰ ਦੇ ਕਾਰਕੁੰਨਾਂ ਨੇ ਭਾਜਪਾ ਆਗੂ ਦਾ ਘਰ ਘੇਰ ਕੇ ਕੇਂਦਰ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਉਂਜ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਆਗੂ ਵਿਨੋਦ ਗੁਪਤਾ ਦੇ ਘਰ ਮੂਹਰੇ ਕਿਸਾਨਾਂ ਦਾ ਲਗਾਤਾਰ ਧਰਨਾ ਨਿਰੰਤਰ ਜਾਰੀ ਹੈ। 
ਇਸ ਮੌਕੇ ਕਿਸਾਨ ਆਗੂਆਂ ਗੁਰਭਗਤ ਸਿੰਘ  ਸ਼ਾਹਪੁਰ, ਗੋਬਿੰਦ ਸਿੰਘ ਚੱਠਾ , ਹਰੀ ਸਿੰਘ  ਚੱਠਾ , ਅੰਮ੍ਰਿਤਪਾਲ ਸਿੰਘ , ਬਗੇਰਾ ਸਿੰਘ , ਜੀਤ ਸਿੰਘ ਅਤੇ ਲਾਲ ਸਿੰਘ ਨੇ ਕਿਹਾ ਕਿ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਦੇ ਘਰ ਭਾਜਪਾ ਆਗੂਆਂ ਵਲੋਂ ਮੀਟਿੰਗ ਕੀਤੇ ਜਾਣ ਦੀ ਕਿਸਾਨਾਂ ਨੂੰ ਭਿਣਕ ਪਈ ਸੀ ਜਿਸ ਤੋਂ ਬਾਅਦ ਜਥੇਬੰਦੀਆਂ ਦੇ ਸੱਦੇ ਤਹਿਤ ਭਾਜਪਾ ਆਗੂ ਦੇ ਘਰ ਦਾ ਘਿਰਾਉ ਕਰ ਕੇ ਸੰਕੇਤਕ ਧਰਨਾ ਦਿਤਾ ਗਿਆ ਹੈ। 
ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁੱਝ ਕੱਦਾਵਰ ਆਗੂਆਂ ਦੇ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਵੀ ਪਤਾ ਲੱਗਾ ਸੀ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਤੇ ਭਾਜਪਾ ਦੁਆਰਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਦਿੱਲੀ ਵਿਚ ਕਿਸਾਨ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਹਨ ਲੇਕਿਨ ਕੁੱਝ ਸ਼ਰਾਰਤੀ ਅਨਸਰ ਸਰਕਾਰ ਦੇ ਇਸ਼ਾਰੇ ਉੱਤੇ ਮਾਹੌਲ ਖ਼ਰਾਬ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸਪੱਸ਼ਟ ਕਰ ਚੁੱਕੇ ਹਨ ਕਿ ਨਵੇਂ ਖੇਤੀ ਕਾਨੂੰਨ ਕਿਸੇ ਵੀ ਨਜ਼ਰ ਵਿਚ ਕਿਸਾਨਾਂ  ਦੇ ਹਿੱਤ ਵਿੱਚ ਨਹੀਂ ਹਨ। 
ਭਾਕਿਯੂ ਏਕਤਾ ਉਗਰਾਹਾਂ ਦੇ ਮੋਹਰੀ ਆਗੂ ਗੋਬਿੰਦ ਸਿੰਘ ਚੱਠਾ ਨੇ ਸਪੱਸ਼ਟ ਕੀਤਾ ਹੈ ਕਿ ਜਥੇਬੰਦੀ ਵਲੋਂ ਹਾਲ ਦੀ ਘੜੀ ਨਗਰ ਕੌਂਸਲ ਚੋਣਾਂ ਲੜ ਰਹੇ ਭਾਜਪਾ ਉਮੀਦਵਾਰਾਂ ਦੇ ਵਿਰੋਧ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ। ਉਧਰ ਦੂਜੇ ਪਾਸੇ ਭਾਜਪਾ ਨੇ ਦਾਅਵਾ ਕੀਤਾ ਕਿ ਪੁਰਾਣੀ ਅਨਾਜ ਮੰਡੀ ਵਿਚ ਪਾਰਟੀ ਦੀ ਕੋਈ ਰਸਮੀ ਮੀਟਿੰਗ ਨਹੀਂ ਰੱਖੀ ਗਈ ਸੀ ਕੇਵਲ ਨਗਰ ਕੌਂਸਲ ਚੋਣ ਨੂੰ ਲੈ ਕੇ ਸਿਰਫ਼ ਇਕ ਹੀ ਵਾਰਡ ਦੇ ਆਮ ਲੋਕਾਂ ਦਾ ਸੀਮਤ ਨੂੰ ਆਉਣ ਲਈ ਸੱਦਾ ਦਿਤਾ ਗਿਆ ਸੀ।  

ਫੋਟੋ : ਸੁਨਾਮ ਵਿਖੇ ਕਿਸਾਨ ਭਾਜਪਾ ਆਗੂ ਵਿਨੋਦ ਗੁਪਤਾ ਦੇ ਘਰ ਮੂਹਰੇ ਧਰਨਾ ਦੇ ਕੇ ਨਾਹਰੇਬਾਜ਼ੀ ਕਰਦੇ ਹੋਏ। ਫੋਟੋ-ਚੌਹਾਨ।
ਫਾਈਲ---31-ਸੁਨਾਮ-01--ਧਰਨਾ