ਕਿਸਾਨਾਂ 'ਤੇ ਅਤਿਆਚਾਰ ਤੇ ਹਮਲੇ ਕਰਵਾਉਣ ਤੋਂ ਬਾਜ਼ ਆਉਣ ਲਈ ਕਿਹਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ 'ਤੇ ਅਤਿਆਚਾਰ ਤੇ ਹਮਲੇ ਕਰਵਾਉਣ ਤੋਂ ਬਾਜ਼ ਆਉਣ ਲਈ ਕਿਹਾ

image


ਵੱਡੇ ਦੇਸ਼ ਪਧਰੀ ਐਕਸ਼ਨ ਦਾ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਅੱਜ ਹੋਵੇਗਾ


ਚੰਡੀਗੜ੍ਹ, 31 ਜਨਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ 32 ਸੰਘਰਸ਼ਸ਼ੀਲ ਜਥੇਬੰਦੀਆਂ ਨੇ ਅੱਜ ਕੇਂਦਰ ਸਰਕਾਰ ਨੂੰ 26 ਜਨਵਰੀ ਬਾਅਦ ਕਿਸਾਨਾਂ 'ਤੇ ਕੀਤੇ ਜਾ ਰਹੇ ਅਤਿਆਚਾਰਾਂ ਤੇ ਕਰਵਾਏ ਜਾ ਰਹੇ ਹੱਦਾਂ 'ਤੇ ਹਮਲਿਆਂ ਵਿਰੁਧ ਸਖ਼ਤ ਚੇਤਾਵਨੀ ਦਿੰਦੇ ਹੋਏ ਦੇਸ਼ ਪਧਰੀ ਵੱਡੇ ਐਕਸ਼ਨ ਦੀ ਗੱਲ ਆਖੀ ਗਈ ਹੈ | ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਾਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ | ਸਾਰੀ ਸਥਿਤੀ 'ਤੇ ਲੰਮੇ ਵਿਚਾਰ ਵਟਾਂਦਰੇ ਬਾਅਦ ਬੁਰਜਗਿੱਲ ਨੇ ਕਿਹਾ ਕਿ 1 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਮੀਟਿੰਗ ਵਿਚ ਵੱਡੇ ਐਕਸ਼ਨ ਦਾ ਫ਼ੈਸਲਾ ਲੈ ਕੇ ਐਲਾਨ ਕੀਤਾ ਜਾਵੇਗਾ |
ਪ੍ਰਧਾਨ ਮੰਤਰੀ ਵਲੋਂ ਪਹਿਲਾਂ ਵਾਲੇ ਪ੍ਰਸਤਾਵ ਨੂੰ ਆਧਾਰ ਬਣਾ ਕੇ ਗੱਲਬਾਤ ਲਈ ਕੀਤੀ ਅਪੀਲ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਤੋਂ ਨਹੀਂ ਭਜਦੇ ਪਰ ਪਹਿਲਾਂ ਕੇਂਦਰ ਸਰਕਾਰ ਸਾਜ਼ਸ਼ਾਂ ਬੰਦ ਕਰ ਕੇ ਮਾਹੌਲ ਬਣਾਏ | ਕਿਸਾਨ ਜਥੇਬੰਦੀਆਂ ਪਹਿਲ ਨਹੀਂ ਕਰਨਗੀਆਂ ਅਤੇ ਕੇਂਦਰ ਦਾ ਲਿਖਤੀ ਸੱਦਾ ਆਉਣ 'ਤੇ ਵਿਚਾਰ ਕੀਤਾ ਜਾਵੇਗਾ | ਉਹ ਤਿੰਨ ਕਾਨੂੰਨ ਰੱਦ ਕਰਵਾਉਣ ਤੇ ਐਮ.ਐਸ.ਪੀ. ਬਾਰੇ ਕਾਨੂੰਨ ਬਣਾਉਣ ਦੀ ਮੰਗ 'ਤੇ ਕਾਇਮ ਹਨ | ਅੱਜ ਦੀ ਮੀਟਿੰਗ ਵਿਚ 26 ਜਨਵਰੀ ਬਾਅਦ ਗਿ੍ਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਕਾਨੂੰਨੀ ਕਮੇਟੀ ਕਾਇਮ ਕੀਤੀ ਗਈ ਹੈ ਜੋ ਪੀੜਤ ਲੋਕਾਂ ਨੂੰ ਕਾਨੂੰਨੀ ਮਦਦ ਪ੍ਰਦਾਨ ਕਰਵਾਏਗੀ |
ਬੂਟਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਗਿ੍ਫ਼ਤਾਰ ਤੇ ਲਾਪਤਾ ਕਿਸਾਨਾਂ ਬਾਰੇ ਕੁੱਝ ਵੀ ਦਸਣ ਨੂੰ ਤਿਆਰ ਨਹੀਂ ਪਰ ਸੰਯੁਕਤ ਮੋਰਚੇ ਨੇ 163 ਕਿਸਾਨਾਂ ਦਾ ਪਤਾ ਲਾਇਆ ਹੈ, ਜੋ ਪੁਲਿਸ ਹਿਰਾਸਤ ਵਿਚ ਹਨ ਜਾਂ ਗਿ੍ਫ਼ਤਾਰੀ ਪਾਈ ਗਈ ਹੈ | ਸੈਂਕੜੇ ਹੋਰ ਲੋਕ ਲਾਪਤਾ ਹਨ | ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਹੱਦਾਂ ਤੇ ਹੋਰ ਥਾਵਾਂ 'ਤੇ ਬੰਦ ਕੀਤੇ ਇੰਟਰਨੈੱਟ ਨੂੰ ਬਹਾਲ ਕਰਨ, ਹੱਦਾਂ 'ਤੇ ਲਾਈਆਂ ਜਾ ਰਹੀਆਂ ਵਾਧੂ ਰੋਕਾਂ ਹਟਾਉਣ ਅਤੇ ਕਰਵਾਏ ਜਾ ਰਹੇ ਹਮਲੇ ਤੁਰਤ ਬੰਦ ਕਰਵਾਉਣ ਦੀ ਮੰਗ ਸਰਕਾਰ ਤੋਂ ਕੀਤੀ ਹੈ | ਉਨ੍ਹਾਂ ਕਿਹਾ ਕਿ ਅਸੀ ਪੂਰੀ ਤਰ੍ਹਾਂ ਸ਼ਾਂਤਮਈ ਹਾਂ ਪਰ ਖ਼ੁਦ ਹੀ ਕੇਂਦਰ ਸਰਕਾਰ ਅੰਦੋਲਨ ਨੂੰ ਤੋੜਨ ਲਈ ਸਾਜ਼ਸ਼ਾਂ ਰਾਹੀਂ ਗੜਬੜੀਆਂ ਕਰਵਾ ਰਹੀ ਹੈ | ਕਿਸਾਨ ਆਗੂਆਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਹਾਲਾਤ ਵਿਗੜਦੇ ਹਨ ਤਾਂ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ | 
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਨੇ ਕਿਹਾ ਕਿ ਗਿ੍ਫ਼ਤਾਰ ਕਿਸਾਨਾਂ 

ਦੀਆਂ ਜ਼ਮੀਨਾਂ ਤੇ ਕੇਸਾਂ ਦੀ ਪੈਰਵਈ ਸੰਯੁਕਤ ਮੋਰਚਾ ਕਰੇਗਾ | ਬਲਦੇਵ ਸਿੰਘ ਸਿਰਸਾ ਨੇ ਕਿਹ ਕਿ 26 ਜਨਵਰੀ ਨੂੰ ਅੰਦੋਲਨ ਨੂੰ ਸਿੱਖਾਂ ਜਾਂ ਪੰਜਾਬ ਦਾ ਦਰਸਾ ਕੇ 1984 ਵਰਗਾ ਕਤਲੇਆਮ ਕਰਵਾਉਣ ਦੀ ਸਾਜ਼ਸ਼ ਸੀ | ਪਰ ਸੱਭ ਵਰਗਾਂ ਨੇ ਮਿਲ ਕੇ ਇਹ ਚਾਲ ਫ਼ੇਲ੍ਹ ਕਰ ਦਿਤੀ ਹੈ | ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕੇਂਦਰ ਦੀਆਂ ਸਾਜ਼ਸ਼ਾਂ ਦੇ ਬਾਵਜੂਦ ਮੋਰਚਾ ਇਕ ਦੋ ਦਿਨ ਦੇ ਝਟਕੇ ਬਾਅਦ ਹੋਰ ਮਜ਼ਬੂਤ ਹੋਇਆ ਹੈ ਤੇ ਪਹਿਲਾਂ ਨਾਲੋਂ ਵੀ ਉਤਸ਼ਾਹ ਵਧਿਆ ਹੈ | ਮੁੜ ਕਿਸਾਨ ਪੰਜਾਬ ਤੇ ਹੋਰ ਰਾਜਾਂ ਤੋਂ ਦਿੱਲੀ ਵਲ ਵਹੀਰਾਂ ਘੱਤਣ ਲੱਗੇ ਹਨ |