ਪੰਜਾਬ ਯੂਥ ਕਾਂਗਰਸ 9 ਫ਼ਰਵਰੀ ਨੂੰ ਕਰੇਗੀ ਸੰਸਦ ਦਾ ਘਿਰਾਉ : ਬਰਿੰਦਰ ਢਿੱਲੋਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਯੂਥ ਕਾਂਗਰਸ 9 ਫ਼ਰਵਰੀ ਨੂੰ ਕਰੇਗੀ ਸੰਸਦ ਦਾ ਘਿਰਾਉ : ਬਰਿੰਦਰ ਢਿੱਲੋਂ

image

ਚੰਡੀਗੜ੍ਹ, 31 ਜਨਵਰੀ (ਭੁੱਲਰ) : ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੰਜਾਬ ਯੂਥ ਕਾਂਗਰਸ 9 ਫ਼ਰਵਰੀ ਨੂੰ ਦੇਸ਼ ਦੀ ਸੰਸਦ ਦਾ ਘਿਰਾਉ ਕਰੇਗੀ। ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕੇਂਦਰ ਸਰਕਾਰ ’ਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਕਾਂਗਰਸ ਕਿਸਾਨਾਂ ਨਾਲ ਖੜੀ ਹੋਵੇਗੀ। 
ਇਸ ਤੋਂ ਪਹਿਲਾਂ ਵੀ ਯੂਥ ਕਾਂਗਰਸ ਨੇ ਟਰੈਕਟਰ ਮਾਰਚ ਅਤੇ ਇੰਡੀਆ ਗੇਟ ਤੇ ਟਰੈਕਟਰ ਫੂਕ ਕੇ ਗੂੰਗੀ ਅਤੇ ਬੋਲੀ ਸਰਕਾਰ ਦੇ ਕੰਨਾਂ ਵਿਚ ਆਵਾਜ਼ ਪਾਈ ਸੀ ਤੇ ਹੁਣ ਫਿਰ ਕਾਂਗਰਸ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਸੰਸਦ ਦਾ ਘਿਰਾਉ ਕਰੇਗੀ। ਬਰਿੰਦਰ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ‘ਦੋ-ਤਿੰਨ ਦੋਸਤਾਂ’ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਨਾ ਸਿਰਫ਼ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ, ਬਲਕਿ ਉਨ੍ਹਾਂ ਨੂੰ ਬਰਬਾਦ ਕਰਨ ਦੀ ਸਾਜ਼ਸ ਰਚ ਰਹੀ ਹੈ। ਬਰਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰ ਆਪਣਿਆਂ ਗੁੰਡਿਆਂ ਰਾਹੀਂ ਕਿਸਾਨਾਂ ਨੂੰ ਧਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਭਾਜਪਾ ਦੇ ਗੁੰਡਿਆਂ ਵਲੋਂ ਕੀਤਾ ਨੰਗਾ ਨਾਚ ਭਾਰਤੀ ਜਮਹੂਰੀਅਤ ’ਤੇ ਕਾਲਾ ਧੱਬਾ ਹੈ ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਤਾਰ ਚੁੱਪ ਅਜਿਹੇ ਅਨਸਰਾਂ ਨੂੰ ਹੋਰ ਵੀ ਸ਼ਹਿ ਦਿੰਦੀ ਹੈ।  ਪੱਤਰਕਾਰ ਮੰਦੀਪ ਪੂਨੀਆ ਦੀ ਗਿ੍ਰਫਤਾਰੀ ਤੇ ਬੋਲਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਜਮੂਰੀਹਤ ਦੇ ਘਾਣ ਦੇ ਨਾਲ ਨਾਲ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਬਰਿੰਦਰ ਢਿੱਲੋਂ ਨੇ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਤੇ ਜਲਦੀ ਤੋਂ ਜਲਦੀ ਮੰਦੀਪ ਪੂਨੀਆ ਦੀ ਰਿਹਾਈ ਦੀ ਮੰਗ ਕੀਤੀ।