26 ਜਨਵਰੀ ਨੂੰ ਤਿਰੰਗੇ ਦੀ ਬੇਇੱਜ਼ਤੀ ਤੋਂ ਬਹੁਤ ਦੁਖੀ ਹੋਇਆ ਦੇਸ਼: ਮੋਦੀ
26 ਜਨਵਰੀ ਨੂੰ ਤਿਰੰਗੇ ਦੀ ਬੇਇੱਜ਼ਤੀ ਤੋਂ ਬਹੁਤ ਦੁਖੀ ਹੋਇਆ ਦੇਸ਼: ਮੋਦੀ
ਮੋਦੀ ਨੇ ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਉ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਕੀਤਾ ਸੰਬੋਧਨ
ਨਵੀਂ ਦਿੱਲੀ, 31 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਇਕ ਸਾਲ ਮਜ਼ਬੂਤੀ ਨਾਲ ਮੁਕਾਬਲਾ ਕਰਨ ਤੋਂ ਬਾਅਦ ਭਾਰਤ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾ ਰਿਹਾ ਹੈ, ਪਰ ਇਸ ਸਭ ਦੇ ਵਿਚਾਲੇ, 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ ’ਤੇ ਹੋਈ ਘਟਨਾ ਨਾਲ ਦੇਸ਼ ਬਹੁਤ ਦੁਖੀ ਹੈ।
ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ ਦੇ ਅਪਣੇ ਮਹੀਨਾਵਾਰ ਰੇਡੀਉ ਪ੍ਰੋਗਰਾਮ ’ਮਨ ਕੀ ਬਾਤ’ ਦੀ 73ਵੀਂ ਲੜੀ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਕੋਰੋਨਾ ਟੀਕਾਕਰਨ ਦੇ ਮਾਮਲੇ ਵਿਚ ਭਾਰਤ ਅੱਜ ਆਤਮ ਨਿਰਭਰ ਹੋ ਗਿਆ ਹੈ ਅਤੇ ਭਾਰਤ ਜਿੰਨਾ ਸਮਰੱਥ ਹੋਵੇਗਾ, ਉਨਾ ਹੀ ਜ਼ਿਆਦਾ ਦੁਨੀਆਂ ਨੂੰ ਲਾਭ ਹੋਵੇਗਾ।
ਨਵੇਂ ਸਾਲ ਵਿਚ ਜਨਵਰੀ ਮਹੀਨੇ ਦੌਰਾਨ ਮਨਾਏ ਗਏ ਤਿਉਹਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੱਭ ਦੇ ਵਿਚਾਲੇ, ਦੇਸ਼ ਵਿਚ 26 ਜਨਵਰੀ ਨੂੰ ਤਿਰੰਗੇ ਦੀ ਬੇਇੱਜ਼ਤੀ ਨੂੰ ਵੇਖ ਕੇ ਦੇਸ਼ ਬਹੁਤ ਦੁਖੀ ਹੋਇਆ। ਪ੍ਰਧਾਨ ਮੰਤਰੀ ਨੇ 23 ਜਨਵਰੀ ਨੂੰ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ’ਪਰਾਕ੍ਰਮ ਦਿਵਸ’ ਵਜੋਂ ਮਨਾਉਣ ਅਤੇ 26 ਜਨਵਰੀ ਨੂੰ ’ਸ਼ਾਨਦਾਰ ਪਰੇਡ’ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਵਿਰੁਧ ਟੈਸਟ ਸੀਰੀਜ਼ ਵਿਚ ਮਿਲੀ ਜਿੱਤ ਦਾ ਦਾ ਜ਼ਿਕਰ ਕੀਤਾ। ਇਸ ਲੜੀ ਵਿਚ ਪ੍ਰਧਾਨ ਮੰਤਰੀ ਨੇ ਸੰਸਦ ਦੇ ਸੰਯੁਕਤ ਸੈਸ਼ਨ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਅਤੇ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਪਦਮ ਪੁਰਸਕਾਰਾਂ ਦਾ ਐਲਾਨ ਵੀ ਜ਼ਿਕਰ ਕੀਤਾ। (ਪੀਟੀਆਈ)
ਉਨ੍ਹਾਂ ਕਿਹਾ ਕਿ ਇਸ ਸਾਲ ਪੁਰਸਕਾਰ ਮਿਲਣ ਵਾਲਿਆਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਅਪਣੇ ਕੰਮਾਂ ਨਾਲ ਕਿਸੇ ਦੀ ਜ਼ਿੰਦਗੀ ਬਦਲ ਦਿਤੀ ਹੈ ਅਤੇ ਦੇਸ਼ ਨੂੰ ਅੱਗੇ ਵਧਾਇਆ ਹੈ।
ਕੋਰੋਨਾ ਵਿਰੁਧ ਚੱਲ ਰਹੀ ਦੇਸ਼ ਪਧਰੀ ਟੀਕਾਕਰਨ ਮੁਹਿੰਮ ਦਾ ਜ਼ਿਕਰ ਕਰਦਿਆਂ, ਮੋਦੀ ਨੇ ਕਿਹਾ ਕਿ ਸੰਕਟ ਦੇ ਸਮੇਂ ਭਾਰਤ ਵਿਸ਼ਵ ਦੀ ਸੇਵਾ ਕਰ ਸਕਦਾ ਹੈ, ਕਿਉਂਕਿ ਅੱਜ ਉਹ ਦਵਾਈਆਂ ਅਤੇ ਟੀਕਿਆਂ ਪ੍ਰਤੀ ਆਤਮ-ਨਿਰਭਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ 15 ਦਿਨਾਂ ਵਿਚ ਅਪਣੇ 30 ਲੱਖ ਤੋਂ ਜ਼ਿਆਦਾ ਕੋਰੋਨਾ ਕੋਰੋਨਾ ਯੋਧਿਆਂ ਦਾ ਟੀਕਾਕਰ ਕਰ ਚੁਕਾ ਹੈ ਜਦਕਿ ਅਮਰੀਕਾ ਵਰਗੇ ਅਮੀਰ ਦੇਸ਼ ਨੇ 18 ਦਿਨ ਅਤੇ ਬ੍ਰਿਟੇਨ ਨੂੰ ਇਸੇ ਕੰਮ ਵਿਚ 36 ਦਿਨ ਲਏ ਹਨ। (ਏਜੰਸੀ)