ਪਿੰਡਾਂ ਦੇ ਗੁਰਦੁਆਰਿਆਂ ਵਿਚੋਂ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਹੋਕੇ

ਏਜੰਸੀ

ਖ਼ਬਰਾਂ, ਪੰਜਾਬ

ਪਿੰਡਾਂ ਦੇ ਗੁਰਦੁਆਰਿਆਂ ਵਿਚੋਂ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਹੋਕੇ

image

ਲਹਿਰਾ ਮੁਹੱਬਤ, ਸੇਲਬਰਾਹ ਅਤੇ ਪਿੰਡ ਕਰਾੜਵਾਲਾ ਨੇ ਕੀਤੀ ਪਹਿਲਕਦਮੀ

ਰਾਮਪੁਰਾ ਫੂਲ, 31 ਜਨਵਰੀ (ਹਰਿੰਦਰ ਬੱਲੀ): ਲਾਲ ਕਿਲੇ ਦੀਆਂ 26 ਜਨਵਰੀ ਵਾਲੀਆਂ ਘਟਨਾਵਾਂ ਨੇ ਪੰਜਾਬ  ਨੂੰ ਇਕ ਵਾਰ ਝੰਜੋੜ ਦਿਤਾ ਹੈ। ਪਿੰਡਾਂ ਦੇ ਗੁਰਦੁਆਰਿਆਂ ਚੋਂ ਕਿਸਾਨ ਜਥੇਬੰਦੀਆਂ ਨਗਰ ਵਾਸੀਆਂ ਨੂੰ ਇਕੱਠੇ ਹੋਣ ਲਈ ਅਪੀਲ ਕਰਦੀਆਂ ਹਨ ਅਤੇ ਲੋਕ ਸਾਰੇ ਮਤਭੇਦ ਭੁਲਾ ਕੇ ਸਿਰ ਜੋੜ ਬੈਠ ਜਾਂਦੇ ਹਨ ਅਤੇ ਅਗਲੀ ਰਣਨੀਤੀ ਉਲੀਕ ਲਈ ਜਾਂਦੀ ਹੈ। ਇਲਾਕੇ ਦੇ ਦੋ ਵੱਡੇ ਨਗਰ, ਲਹਿਰਾ ਮੁਹੱਬਤ ਅਤੇ ਸੇਲਬਰਾਹ ਇਸ ਮਾਮਲੇ ਵਿਚ ਅੱਗੇ ਆਏ ਹਨ। ਪਿੰਡ ਕਰਾੜਵਾਲਾ ਪਹਿਲਾਂ ਹੀ ਕਿਸਾਨ ਸੰਘਰਸ ਦੇ ਹੱਕ ਵਿਚ ਮਤਾ ਪਾਸ ਕਰ ਕੇ ਅੱਗੇ ਆ ਚੁੱਕਾ ਹੈ। 
ਪਿੰਡ ਲਹਿਰਾ ਮੁਹੱਬਤ ਦੇ ਵਸਨੀਕ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚੇ ਅਤੇ 32 ਕਿਸਾਨ ਜਥੇਬੰਦੀਆਂ ਦੇ ਸੱਦੇ ਉਤੇ ਹੋਏ ਇਕੱਠ ਅੰਦਰ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਨਗਰ ਦੀਆਂ ਵਾਰਡਵਾਈਜ਼ 11 ਕਮੇਟੀਆਂ  ਬਣ ਗਈਆਂ ਹਨ ਅਤੇ ਹਰ ਘਰ ਵਿਚੋਂ ਦਿੱਲੀ ਮੋਰਚੇ ਅੰਦਰ ਸ਼ਮੂਲੀਅਤ ਕਰਵਾਉਣ ਲਈ ਇਹ ਕਮੇਟੀ ਨਜ਼ਰਸਾਨੀ ਕਰੇਗੀ। ਇਕੱਠ ਅੰਦਰ ਨਗਰ ਵਾਸੀਆਂ ਤੋਂ ਇਲਾਵਾ ਇਨਕਲਾਬੀ ਕੇਂਦਰ ਦੇ ਜਗਜੀਤ ਸਿੰਘ, ਭਾਕਿਯੂ ਡਕੌਂਦਾ ਦੇ ਰਾਮਪਾਲ ਸਿੰਘ, ਜਿਓਣ ਸਿੰਘ, ਕਰਮਜੀਤ ਸਿੰਘ, ਭਾਕਿਯੂ ਸਿੱਧੂਪੁਰ ਦੇ ਗੁਰਮੇਲ ਸਿੰਘ, ਬਲਵੀਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਰਣਜੀਤ ਸਿੰਘ ਆਦਿ ਸ਼ਾਮਲ ਹੋਏ। 
ਹਰ ਘਰ ਵਿਚੋਂ ਇਕ ਜਣਾ ਦਿੱਲੀ ਮੋਰਚੇ ਜਾਣ ਦਾ ਮਤਾ ਪਾਸ ਹੋਇਆ। ਦਿੱਲੀ ਮੋਰਚੇ ਨੂੰ ਬਿਜਲੀ, ਪਾਣੀ ਅਤੇ ਹੋਰ ਮੁਢਲੀਆਂ ਸਹੂਲਤਾਂ ਬੰਦ ਕਰਨ ਲਈ ਮੋਦੀ ਸਰਕਾਰ ਦੀ ਨਿਖੇਧੀ, ਲਾਲ ਕਿਲਾ ਮਾਮਲੇ ਨਾਲ ਸਬੰਧਤ ਨਾ ਰੱਖਣ ਵਾਲੇ ਸਾਂਝੇ ਮੋਰਚੇ ਦੇ ਆਗੂਆਂ ਤੇ ਦਰਜ ਝੂਠੇ ਕੇਸ ਵਾਪਸ ਕਰਵਾਉਣ ਦੇ ਵੀ ਮਤੇ ਪਾਸ ਹੋਏ। ਪਿੰਡ ਕਰਾੜਵਾਲਾ ਦੇ ਸਰਪੰਚ ਅਵਤਾਰ ਸਿੰਘ ਅਤੇ ਭਾਕਿਯੂ ਡਕੌਂਦਾ ਦੇ ਆਗੂ ਰਾਜਵਿੰਦਰ ਸਿੰਘ ਅਨੁਸਾਰ ਪਿੰਡ ਦੇ ਨੌਂ ਵਾਰਡਾਂ ਵਿਚੋਂ 90 ਬੰਦੇ ਇਕ ਹਫ਼ਤੇ ਲਈ ਦਿੱਲੀ ਜਾਣਗੇ ਤੇ ਆਉਣ ਜਾਣ ਦਾ ਇਹ ਸਿਲਸਿਲਾ ਜਾਰੀ ਰਹੇਗਾ। ਇਨਕਾਰੀ ਕਰਨ ਤੇ ਸਬੰਧਤ ਪਰਵਾਰ ਨੂੰ 2100 ਰੁਪਏ ਜੁਰਮਾਨਾ, ਮੋਰਚੇ ਚ ਜਾ ਕੇ ਹੁੱਲੜਬਾਜੀ ਕਰਨ ਵਾਲੇ ਨੂੰ 5100 ਰੁਪਏ ਜੁਰਮਾਨਾ ਵੀ ਨਿਸ਼ਚਤ ਕੀਤਾ ਹੈ, ਮੋਰਚੇ ’ਚ ਭੇਜੇ ਵਾਹਨ ਦਾ ਨੁਕਸਾਨ ਹੋਣ ਤੇ ਉਸ ਦੀ ਭਰਪਾਈ ਪਿੰਡ ਨੇ ਸਾਂਝੇ ਤੌਰ ਉਤੇ ਓਟੀ ਹੈ। ਭਾਕਿਯੂ ਡਕੌਂਦਾ ਦੇ ਆਗੂ ਗੁਰਦੀਪ ਸਿੰਘ ਸੇਲਬਰਾਹ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਵੀ ਵਾਰਡਵਾਈਜ਼ 11 ਕਮੇਟੀਆਂ ਬਣਾਕੇ ਹਰ ਘਰ ਦੀ ਸ਼ਮੂਲੀਅਤ ਕਰਵਾਉਣ ਲਈ ਯੋਜਨਾ ਉਲੀਕ ਦਿਤੀ ਹੈ। ਇਕ ਜੱਥਾ ਘੱਟੋ-ਘੱਟ ਪੰਜ ਦਿਨ ਲਾਏਗਾ।