ਸ਼ਹੀਦ ਬਾਬਾ ਕਾਹਲਾ ਸਿੰਘ ਦੀ ਬਰਸੀ ਬੁੱਢਾ ਦਲ ਵਲੋਂ ਮਨਾਈ ਜਾਵੇਗੀ : ਬਾਬਾ ਬਲਬੀਰ ਸਿੰਘ
ਸ਼ਹੀਦ ਬਾਬਾ ਕਾਹਲਾ ਸਿੰਘ ਦੀ ਬਰਸੀ ਬੁੱਢਾ ਦਲ ਵਲੋਂ ਮਨਾਈ ਜਾਵੇਗੀ : ਬਾਬਾ ਬਲਬੀਰ ਸਿੰਘ
ਸੰਗਰੂਰ, 1 ਫ਼ਰਵਰੀ (ਪੱਤਰ ਪ੍ਰੇਰਕ): ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਬਾਲਦ ਕਲਾਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਕਾਹਲਾ ਸਿੰਘ ਭਵਾਨੀਗੜ੍ਹ ਵਿਖੇ ਬੁੱਢਾ ਦਲ ਦੇ ਮਹਾਨ ਜਰਨੈਲ ਵੱਡੇ ਘੱਲੂਘਾਰੇ ਦੇ ਸ਼ਹੀਦ ਬਾਬਾ ਕਾਹਲਾ ਸਿੰਘ ਨਿਹੰਗ ਦੀ 259ਵੀ: ਬਰਸੀ ਪੂਰੀ ਸ਼ਰਧਾ ਭਾਵਨਾ ਅਤੇ ਖ਼ਾਲਸਾਈ ਜਾਹੋ ਜਲਾਲ ਨਾਲ ਤਿੰਨ ਰੋਜ਼ਾ ਗੁਰਮਤਿ ਸਮਾਗਮਾਂ ਨਾਲ ਮਨਾਈ ਜਾਵੇਗੀ।
ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਬਰਸੀ ਸਮਾਗਮਾਂ ਦੀ ਰੂਪ-ਰੇਖਾ ਦਸਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਬਾਬਾ ਕਾਹਲਾ ਸਿੰਘ ਜੀ ਨਿਹੰਗ ਸਿੰਘ ਦੀ ਸਾਲਾਨਾ ਬਰਸੀ ਗੁਰਦੁਆਰਾ ਸ਼ਹੀਦਗੰਜ ਬਾਬਾ ਕਾਹਲਾ ਸਿੰਘ ਵਿਖੇ 7,8,9 ਫ਼ਰਵਰੀ ਨੂੰ ਮਨਾਈ ਜਾਵੇਗੀ। 7 ਫ਼ਰਵਰੀ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਅਰੰਭ ਹੋਣਗੇ ਅਤੇ 9 ਫ਼ਰਵਰੀ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਕਿਹਾ ਬਰਸੀ ਦੇ ਬਾਰੇ ਸਮਾਗਮ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਤੇ ਸਰਪ੍ਰਸਤੀ ਵਿਚ ਹੋਣਗੇ। ਤਿੰਨੇ ਦਿਨ ਅੰਮ੍ਰਿਤ ਸੰਚਾਰ ਹੋਵੇਗਾ। ਧਾਰਮਕ ਦੀਵਾਨ ਸੱਜਣਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਵਖਿਆਣ ਸੰਗਤਾਂ ਨਾਲ ਸਾਂਝਾ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਣਗੇ।