ਫਿਰ ਪੰਜਾਬ ਫੇਰੀ 'ਤੇ ਆਉਣਗੇ ਪ੍ਰਧਾਨ ਮੰਤਰੀ ਮੋਦੀ, 7-8 ਫਰਵਰੀ ਨੂੰ ਹੋਵੇਗੀ ਚੋਣ ਰੈਲੀ
ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਕੀਤੀ ਪੁਸ਼ਟੀ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਚੋਣਾਂ ਵਿੱਚ ਰੈਲੀ ਲਈ ਪੰਜਾਬ ਆਉਣਗੇ। ਪ੍ਰਧਾਨ ਮੰਤਰੀ 7-8 ਫਰਵਰੀ ਨੂੰ ਪੰਜਾਬ ਦਾ ਦੌਰਾ ਕਰ ਸਕਦੇ ਹਨ।
ਹਾਲਾਂਕਿ ਰੈਲੀ ਦਾ ਸਥਾਨ ਅਜੇ ਤੈਅ ਨਹੀਂ ਹੋਇਆ ਹੈ। ਉਮੀਦ ਹੈ ਕਿ ਪ੍ਰਧਾਨ ਮੰਤਰੀ ਦੇ ਆਉਣ ਤੱਕ ਚੋਣ ਕਮਿਸ਼ਨ ਵੱਲੋਂ ਰੈਲੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਇਹ ਗੱਲ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ 'ਚ ਕਹੀ। ਪ੍ਰਧਾਨ ਮੰਤਰੀ ਮੋਦੀ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆ ਸਕਦੇ ਹਨ ਪਰ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਪਿਛਲੀ ਵਾਰ 5 ਜਨਵਰੀ ਨੂੰ ਫਿਰੋਜ਼ਪੁਰ 'ਚ ਹਾਈਵੇਅ ਜਾਮ ਹੋਣ ਕਾਰਨ ਪੀਐੱਮ ਮੋਦੀ ਨੂੰ ਬਿਨ੍ਹਾ ਰੈਲੀ ਦੇ ਵਾਪਸ ਜਾਣਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਸੁਖਦੇਵ ਢੀਂਡਸਾ ਨੂੰ ਨਾਲ ਲੈ ਕੇ ਪੂਰੇ ਪੰਜਾਬ ਵਿੱਚ ਜਾਵਾਂਗੇ। ਇਸ ਤੋਂ ਬਾਅਦ ਪੀਐਮ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਰੈਲੀ ਲਈ ਆਉਣਗੇ।