ਪੰਜਾਬ ਦੇ ਕਿਸਾਨਾਂ ਨੂੰ ਫਿਰ ਪਈ ਕੁਦਰਤ ਦੀ ਮਾਰ, ਫ਼ਸਲਾਂ ਦਾ ਹੋਇਆ ਵੱਡਾ ਨੁਕਸਾਨ!

ਏਜੰਸੀ

ਖ਼ਬਰਾਂ, ਪੰਜਾਬ

ਕਣਕ ਦੇ ਝਾੜ 'ਤੇ ਅਸਰ ਦੇ ਅਸਾਰ

file photo

ਚੰਡੀਗੜ੍ਹ : ਘਾਟੇ ਦਾ ਸੌਦਾ ਬਣ ਚੁੱਕੀ ਅਜੋਕੀ ਕਿਸਾਨੀ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਜਿੱਥੇ ਕਿਸਾਨਾਂ ਨੂੰ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੁਦਰਤੀ ਆਫ਼ਤਾਂ ਵੀ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰਨ 'ਤੇ ਉਤਾਰੂ ਹਨ।

ਲੰਘੇ ਸਾਲ ਵੀ ਵੱਡੀ ਗਿਣਤੀ ਕਿਸਾਨਾਂ ਨੂੰ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਤੋਂ ਇਲਾਵਾ ਪਿਛਲੇ ਦਿਨਾਂ ਦੌਰਾਨ ਮਾਲਵਾਂ ਖੇਤਰ ਅੰਦਰ ਟਿੱਡੀ ਦਲ ਦੀ ਆਮਦ ਨੇ ਵੀ ਵੱਡੀ ਗਿਣਤੀ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਸੀ। ਐਤਕੀ ਕਿਸਾਨਾਂ ਨੂੰ ਚੰਗੀ ਪੈਦਾਵਾਰ ਹੋਣ ਦੀ ਉਮੀਦ ਸੀ। ਪਰ ਕਣਕ ਦੀ ਬੰਪਰ ਪੈਦਾਵਾਰ ਹੋਣ ਦੀਆਂ ਕਿਆਸ-ਅਰਾਈਆਂ ਦਰਮਿਆਨ ਕੁਦਰਤ ਫਿਰ ਕਿਸਾਨਾਂ 'ਤੇ ਸੁਪਨਿਆਂ 'ਤੇ ਕਹਿਰ ਬਣ ਵਰ੍ਹੀ ਹੈ।

ਬੀਤੇ ਦਿਨ ਹੋਈ ਬਾਰਿਸ਼ ਨੇ ਕਿਸਾਨਾਂ ਦੀ ਵੱਡੀ ਪੱਧਰ 'ਤੇ ਖੇਤਾਂ 'ਚ ਲਹਿਰਾਉਂਦੀ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿਤਾ ਹੈ। ਪੰਜਾਬ ਦੇ ਬਹੁਤੇ ਇਲਾਕਿਆਂ ਅੰਦਰ  ਪਏ ਭਾਰੀ ਮੀਂਹ, ਝੱਖੜ ਅਤੇ ਗੜ੍ਹੇਮਾਰੀ ਨੇ ਕਣਕ ਤੋਂ ਇਲਾਵਾ ਬਾਕੀ ਫ਼ਸਲਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਖੇਤੀਬਾੜੀ ਮਹਿਕਮੇ ਵਲੋਂ ਜਾਰੀ ਕੀਤੀਆਂ ਗਈਆਂ ਰਿਪੋਰਟਾਂ ਮੁਤਾਬਕ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਹੋਈ ਤਾਜ਼ਾ ਬਾਰਸ਼, ਝੱਖੜ ਤੇ ਗੜੇਮਾਰੀ ਕਾਰਨ ਸੈਂਕੜੇ ਏਕੜ ਕਣਕ ਨੁਕਸਾਨੀ ਗਈ ਹੈ।

ਜ਼ਿਆਦਾਤਰ ਇਲਾਕਿਆਂ ਅੰਦਰ ਕਣਕ ਦੀ ਫ਼ਸਲ ਨਸਾਰੇ 'ਤੇ ਸੀ, ਜਿਸ ਕਾਰਨ ਤੇਜ਼ ਹਨੇਰੀਆਂ ਅਤੇ ਬਰਸਾਤ ਕਾਰਨ ਕਣਕ ਦੀ ਫ਼ਸਲ ਧਰਤੀ 'ਤੇ ਵਿੱਛ ਗਈ ਹੈ। ਇਸ ਦਾ ਕਣਕ ਦੇ ਝਾੜ 'ਤੇ ਅਸਰ ਪੈਣÎ ਦਾ ਖ਼ਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਆਲੂਆਂ ਦੀ ਫ਼ਸਲ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਣ ਦੇ ਅਸਾਰ ਹਨ।

ਭਾਵੇਂ ਖੇਤੀਬਾੜੀ ਮਹਿਕਮੇ ਵਲੋਂ ਇਸ ਬਾਰਸ਼ ਨੂੰ ਕਣਕਾਂ ਲਈ ਲਾਹੇਵੰਦ ਵੀ ਦੱਸਿਆ ਜਾ ਰਿਹਾ ਹੈ, ਪਰ ਜਿਹੜੀਆਂ ਕਣਕਾਂ ਨਿਸਰ ਰਹੀਆਂ ਸਨ ਜਾਂ ਜੋ ਡਿੱਗ ਪਈਆਂ ਹਨ, ਉਸ ਦੇ ਝਾੜ 'ਤੇ ਅਸਰ ਪੈਣਾ ਤਹਿ ਹੈ।  ਮੌਸਮ ਵਿਭਾਗ ਵਲੋਂ ਇਕ ਦੋ ਦਿਨ ਤਕ ਮੌਸਮ 'ਚ ਗੜਬੜੀ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ।  ਇਸ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਗਲੇ ਹਫ਼ਤੇ ਤਕ ਕਣਕ ਨੂੰ ਪਾਣੀ ਦੇਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿਤੀ ਹੈ।