ਬਠਿੰਡਾ 'ਚ ਕੈਪਟਨ 'ਤੇ ਵਰ੍ਹੇ ਵੱਡੇ ਬਾਦਲ, ਲੋਕਾਂ ਨਾਲ ਵਾਅਦਾ-ਖਿਲਾਫ਼ੀ ਕਰਨ ਦੇ ਲਾਏ ਦੋਸ਼!

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਨੇ ਦੇਸ਼ ਤੇ ਕੌਮ ਲਈ ਕਈ ਲੜਾਈਆਂ ਲੜੀਆਂ

file photo

ਬਠਿੰਡਾ : ਭਾਵੇਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਹੋਣ ਨੂੰ ਦੋ ਸਾਲ ਦਾ ਅਰਸਾ ਬਾਕੀ ਪਿਆ ਹੈ, ਪਰ ਪੰਜਾਬ ਦੀ ਸਿਆਸੀ ਫਿਜ਼ਾ ਅੰਦਰ ਸਿਆਸੀ ਸਰਗਰਮੀਆਂ ਦਾ ਰੰਗ ਦਿਨੋਂ-ਦਿਨ ਗੂਹੜਾ ਹੁੰਦਾ ਜਾ ਰਿਹਾ ਹੈ। ਜਿਉਂ ਜਿਉਂ ਵਾਤਾਵਰਣ 'ਚ ਗਰਮੀ ਵਧਦੀ ਜਾ ਰਹੀ ਹੈ, ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਪੰਜਾਬ ਦੀ ਕੈਪਟਨ ਸਰਕਾਰ ਵੀ ਹੁਣ ਰਹਿੰਦੇ ਦੋ ਸਾਲਾਂ ਦੌਰਾਨ ਚੌਕੇ-ਛੱਕੇ ਲਾਉਣ ਲਈ ਕਮਰਕੱਸੀ ਕਰਦੀ ਜਾਪ ਰਹੀ ਹੈ।

ਦੂਜੇ ਪਾਸੇ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫ਼ੀ ਵਰਗੀਆਂ ਘਟਨਾਵਾਂ ਕਾਰਨ ਹਾਸ਼ੀਏ 'ਤੇ ਗਏ ਸ਼੍ਰੋਮਣੀ ਅਕਾਲੀ ਦਲ ਨੇ ਵੀ ਧਰਨੇ ਰੈਲੀਆਂ ਤੋਂ ਇਲਾਵਾ ਝੂਠੀਆਂ-ਸੱਚੀਆਂ ਬਿਆਨਬਾਜ਼ੀਆਂ ਜ਼ਰੀਏ ਅਪਣੀ ਥਾਂ ਪੱਕੀ ਕਰਨ ਲਈ ਦਿਨ-ਰਾਤ ਇਕ ਕੀਤੀ ਹੋਈ ਹੈ। ਦਿੱਲੀ ਜਿੱਤਣ ਤੋਂ ਬਾਅਦ ਪੂਰੇ ਜਲੋਅ 'ਚ ਚੱਲ ਰਹੀ ਆਮ ਆਦਮੀ ਪਾਰਟੀ ਵੀ ਪਿਛਲੀਆਂ ਗ਼ਲਤੀਆਂ ਤੋਂ ਸੇਧ ਲੈਂਦਿਆਂ ਖੁਦ ਨੂੰ ਕਿਸਮਤ ਦਾ ਸਿਕੰਦਰ ਸਾਬਤ ਕਰਨ ਲਈ ਟਿੱਲ ਲਾ ਰਹੀ ਹੈ।

ਇਸੇ ਦੌਰਾਨ ਵੱਡੇ ਬਾਦਲ ਸਾਹਿਬ ਜੋ ਪਿਛਲੇ ਸਮੇਂ ਦੌਰਾਨ ਅਪਣੀਆਂ ਸਿਆਸੀ ਸਰਗਰਮੀਆਂ ਨੂੰ ਲਗਭਗ ਤਿਲਾਂਜਲੀ ਦੇ ਕੇ ਸਕੂਨ ਦੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ, ਹੁਣ ਬਜ਼ੁਰਗ ਟਕਸਾਲੀਆਂ ਵਲੋਂ ਸੁਖਬੀਰ ਦਾ ਸਾਥ ਛੱਡ ਜਾਣ ਬਾਅਦ ਮੁੜ ਸਿਆਸੀ ਅਖਾੜੇ 'ਚ ਕੁੱਦ ਪਏ ਹਨ। ਸੰਗਰੂਰ ਰੈਲੀ ਤੋਂ ਵਿਰੋਧੀਆਂ ਨੂੰ ਸਿਆਸੀ ਰਗੜੇ ਲਾਉਣ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਉਹ ਮੁੜ ਅਪਣੀ ਪਹਿਲਾਂ ਵਾਲੀ ਸਿਆਸੀ ਲੈਅ 'ਚ ਆਉਂਦੇ ਜਾਪ ਰਹੇ ਹਨ। ਇਸ ਦਾ ਅੰਦਾਜ਼ਾ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਬਠਿੰਡਾ ਵਿਖੇ ਕੀਤੀ ਗਈ ਰੈਲੀ ਦੌਰਾਨ ਉਨ੍ਹਾਂ ਵਲੋਂ ਕੈਪਟਨ ਸਰਕਾਰ ਅਤੇ ਵਿਰੋਧੀਆਂ 'ਤੇ ਲਾਏ ਗਏ ਸਿਆਸੀ ਨਿਸ਼ਾਨਿਆਂ ਤੋਂ ਲਾਇਆ ਜਾ ਸਕਦਾ ਹੈ।

ਬਠਿੰਡਾ ਰੈਲੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਖ਼ੂਬ ਰਗੜੇ ਲਾਏ। ਕੈਪਟਨ ਸਰਕਾਰ 'ਤੇ ਲੋਕਾਂ ਨਾਲ ਵਾਅਦਾ-ਖਿਲਾਫ਼ੀ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਲੋਕਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਨੂੰ ਅੱਜ ਤਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਹੀ ਉਨ੍ਹਾਂ ਨੂੰ ਰੈਲੀਆਂ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਕੈਪਟਨ ਸਰਕਾਰ ਖਜ਼ਾਨਾ ਖ਼ਾਲੀ ਹੋਣ ਦਾ ਰੌਣਾ ਰੌ ਰਹੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਅਤੇ ਕੌਮ ਲਈ ਕਈ ਲੜਾਈਆਂ ਲੜੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਸੂਬੇ ਦੀ ਲੜਾਈ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਮੁਕਰਨ ਵਾਲਿਆਂ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਆਗੂ ਵੀ ਸ਼ਾਮਲ ਹਨ। ਪੰਡਤ ਜਵਾਹਰ ਲਾਲ ਨਹਿਰੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1946 ਵਿਚ ਸਟੇਟਮੈਂਟ ਦਿਤੀ ਸੀ ਕਿ 'ਬਹਾਦਰ ਸਿੱਖ ਕੌਮ ਦਾ  ਅਪਣੇ ਵਾਸਤੇ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕਰਨ ਦਾ ਪੂਰਾ ਹੱਕ ਹੈ।''

ਉਨ੍ਹਾਂ ਕਿਹਾ ਕਿ ਗਾਂਧੀ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਤਾਂ ਇਕੱਲੀ ਪਾਰਟੀ ਹੀ ਨਹੀਂ ਸਗੋਂ ਸਾਰੇ ਦੇਸ਼ ਦਾ ਸਰਵਨਾਸ਼ ਹੋ ਜਾਵੇਗਾ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਹਮੇਸ਼ਾ ਲੋਕਾਂ ਨਾਲ ਵਾਅਦੇ ਕਰਨ ਤੋਂ ਬਾਅਦ ਮੁਕਰਨ ਦੀ ਰਾਜਨੀਤੀ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਕੁਚਾਲਾਂ ਤੋਂ ਉਹ ਤਾਂ ਜਾਣੂ ਹਨ ਪਰ ਨੌਜਵਾਨ ਪੀੜ੍ਹੀ ਇਨ੍ਹਾਂ ਨੂੰ ਨਹੀਂ ਜਾਣਦੀ।