ਬਜਟ ਇਜਲਾਸ ਦੌਰਾਨ ਅਕਾਲੀ, AAP ਦੇ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਵੱਲੋਂ ਵੀ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਵਿਧਾਇਕਾਂ ਨੇ ਇਸ ਦੌਰਾਨ ਰਾਜਪਾਲ ਨੂੰ 'ਗੋ ਬੈਕ' ਦੇ ਨਾਅਰੇ ਵੀ ਲਾਏ।

budget

ਚੰਡੀਗੜ੍ਹ: ਕੈਪਟਨ ਸਰਕਾਰ ਦਾ ਆਖ਼ਰੀ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਬਜਟ ਸ਼ੁਰੂ ਹੁੰਦੇ ਹੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਅੰਦਰ ਜ਼ਬਰਦਸਤ ਹੰਗਾਮਾ ਕੀਤਾ ਗਿਆ।  ਅੱਜ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਆਮ ਆਦਮੀ ਪਾਰਟੀ ਨੇ ਅੱਜ ਸਾਈਕਲ ਰੈਲੀ ਕੀਤੀ। ਇਸ ਲਈ ਪੂਰਾ ਇਜਲਾਸ ਹੰਗਾਮਾ ਭਰਪੂਰ ਰਹਿਣ ਵਾਲਾ ਹੈ।

ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ਅਕਾਲੀ ਦਲ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਰਾਜਪਾਲ ਦੇ ਭਾਸ਼ਣ ਮਗਰੋਂ ਬਾਹਰ ਆ ਕੇ ਅਕਾਲੀ ਵਿਧਾਇਕਾਂ ਨੇ ਮਜੀਠੀਆ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ।  ਇਸ ਦੌਰਾਨ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਸਾਬਤ ਹੋ ਗਿਆ ਹੈ ਕਿ ਰਾਜਪਾਲ ਵੀ ਮੋਦੀ ਦਾ ਹੈ ਤੇ ਕੈਪਟਨ ਵੀ ਮੋਦੀ ਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਰਲ ਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਦੇ ਹੋਏ ਫਿਕਸਡ ਮੈਚ ਖੇਡ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਇੱਥੇ ਗੱਲਬਾਤ ਕਰਦੇ ਹੋਏ ਕੀਤਾ। ਅਕਾਲੀ ਵਿਧਾਇਕਾਂ ਨੇ ਇਸ ਦੌਰਾਨ ਰਾਜਪਾਲ ਨੂੰ 'ਗੋ ਬੈਕ' ਦੇ ਨਾਅਰੇ ਵੀ ਲਾਏ।

ਬਜਟ ਇਜਲਾਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਦੋਵੇਂ ਬੈਂਸ ਭਰਾਵਾਂ ਨੇ ਹੱਥਾਂ 'ਚ 'ਰਾਜਪਾਲ ਪੰਜਾਬ' ਮੁਰਦਾਬਾਦ ਦੀਆਂ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ। ਭਾਸ਼ਣ ਖ਼ਤਮ ਹੋਣ ਤੋਂ ਬਾਅਦ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਗੈਲਰੀ 'ਚ ਆ ਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੁਨੀਲ ਜਾਖੜ ਦੀ ਅਗਵਾਈ ‘ਚ ਕਾਂਗਰਸ ਵੱਲੋਂ ਰਾਜਪਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ।