ਚੇਨੀ ਝਪਟੀ : ਚਾਕੂ ਨਾਲ ਤਾਬੜਤੋੜ ਵਾਰ ਕਾਰਨ ਔਰਤ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਚੇਨੀ ਝਪਟੀ : ਚਾਕੂ ਨਾਲ ਤਾਬੜਤੋੜ ਵਾਰ ਕਾਰਨ ਔਰਤ ਦੀ ਮੌਤ

image


ਪਟਿਆਲੇ ਵਿਆਹੀ ਹੋਈ ਸੀ ਔਰਤ, ਮਾਮਲਾ ਦਰਜ

ਨਵੀਂ ਦਿੱਲੀ, 28 ਫ਼ਰਵਰੀ: ਦਿੱਲੀ ਦੇ ਆਦਰਸ਼ ਨਗਰ ਥਾਣਾ ਇਲਾਕੇ ਵਿਚ ਚੇਨੀ ਝਪਟੀ ਦੀ ਘਟਨਾ ਸਾਹਮਣੇ ਆਈ ਹੈ | ਦਰਅਸਲ, ਇਹ ਮਾਮਲਾ ਬੀਤੇ ਸਨਿਚਰਵਾਰ ਰਾਤ ਕਰੀਬ 9 ਵਜੇ ਦਾ ਹੈ | ਇਕ ਵਿਆਹੁਤਾ ਔਰਤ ਅਪਣੇ ਦੋ ਸਾਲਾ ਦੇ ਮਾਸੂਮ ਨੂੰ  ਗੋਦ ਵਿਚ ਲੈ ਕੇ ਪੈਦਲ ਜਾ ਰਹੀ ਸੀ | ਲੁਟੇਰਿਆਂ ਨੇ ਮਹਿਲਾ ਨੂੰ  ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਵਲੋਂ ਵਿਰੋਧ ਕਰਨ 'ਤੇ ਉਸ ਦੇ ਗਲੇ 'ਤੇ ਲੁਟੇਰਿਆਂ ਨੇ ਚਾਕੂ ਨਾਲ ਵਾਰ ਕਰ ਦਿਤੇ | ਚਾਕੂ ਨਾਲ ਹੋਏ ਵਾਰ ਤੋਂ ਜ਼ਖ਼ਮੀ ਔਰਤ ਨੂੰ  ਇਲਾਜ ਲਈ ਸ਼ਾਲੀਮਾਰ ਬਾਗ਼ ਦੇ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿਤਾ | 
ਮਿ੍ਤਕ ਸਿਮਰਨ ਕੌਰ (25) ਦਾ 3 ਸਾਲ ਪਹਿਲਾਂ ਪੰਜਾਬ ਦੇ ਪਟਿਆਲਾ 'ਚ ਵਿਆਹ ਹੋਇਆ ਸੀ | ਉਹ ਅਪਣੇ ਪੇਕੇ ਘਰ ਦਿੱਲੀ ਆਈ ਹੋਈ ਸੀ ਤੇ ਖ਼ਰੀਦਦਾਰੀ ਕਰ ਕੇ ਘਰ ਜਾ ਰਹੀ ਸੀ | ਸਿਮਰਨ ਦਾ ਉਸ ਦੇ ਦੋ ਸਾਲਾ ਮਾਸੂਮ ਬੱਚੇ ਸਾਹਮਣੇ ਕਤਲ ਕਰ ਦਿਤਾ ਗਿਆ | ਘਟਨਾ ਸੀ.ਸੀ.ਟੀ.ਵੀ.ਕੈਮਰੇ ਵਿਚ ਕੈਦ ਹੋ ਗਈ | ਸੀ. ਸੀ. ਟੀ. ਵੀ. ਫ਼ੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਚੋਰ ਨੇ ਸਿਮਰਨ ਦੇ ਗਲੇ ਤੋਂ ਚੇਨ ਖਿੱਚਣੀ ਚਾਹੀ ਪਰ ਸਫ਼ਲ ਨਹੀਂ ਹੋ ਸਕਿਆ | ਸਿਮਰਨ ਜਦੋਂ ਬਦਮਾਸ਼ 'ਤੇ ਝਪਟੀ ਤਾਂ ਉਸ ਨੇ ਚਾਕੂ ਕੱਢ ਲਿਆ | ਝਪਟਮਾਰ ਨੇ ਦੋ ਵਾਰ ਸਿਮਰਨ ਦੇ ਗਲੇ 'ਤੇ ਚਾਕੂ ਨਾਲ ਵਾਰ ਕੀਤੇ |  ਗਲੇ 'ਤੇ ਚਾਕੂ ਨਾਲ ਵਾਰ ਤੋਂ ਜ਼ਖਮੀ ਸਿਮਰਨ ਖੂਨ ਨਾਲ 
ਲੱਥ-ਪੱਥ ਡਿੱਗ ਪਈ | 
ਡੀਸੀਪੀ ਨਾਰਥ ਵੈਸਟ ਊਸ਼ਾ ਰੰਗਨਾਨੀ ਨੇ ਇਸ ਮਾਮਲੇ ਨੂੰ  ਲੈ ਕੇ ਦਸਿਆ ਕਿ ਘਟਨਾ ਦੀ ਜਾਣਕਾਰੀ ਮਿਲੀ ਹੈ | ਅਗਲੇਰੀ ਜਾਂਚ ਲਈ ਪੁਲਿਸ ਦੀਆਂ 10 ਟੀਮਾਂ ਦਾ ਗਠਨ ਕੀਤਾ ਹੈ | ਪੁਲਿਸ ਦਾ ਦਾਅਵਾ ਹੈ ਕਿ ਛਾਪੇਮਾਰੀ ਦੌਰਾਨ ਔਰਤ ਨੂੰ  ਮਾਰਨ ਵਾਲੇ ਬਦਮਾਸ਼ਾਂ ਦੀ ਗਿਣਤੀ ਦੋ ਸੀ, ਇਕ ਬਦਮਾਸ਼ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਸਕੂਟੀ ਉੱਤੇ ਮੌਜੂਦ ਸੀ | ਜੁਰਮ ਕਰਨ ਤੋਂ ਬਾਅਦ ਬਦਮਾਸ਼ ਅਪਣੇ ਸਾਥੀ ਸਣੇ ਸਕੂਟੀ ਰਾਹੀਂ ਫ਼ਰਾਰ ਹੋ ਗਿਆ | 
(ਏਜੰਸੀ)