ਬਜ਼ੁਰਗ ਜੋੜੇ ਨੂੰ ਕੈਨੇਡਾ ਵਾਸੀ ਪੋਤੇ ਲਈ ਘਰ ’ਚ ਹੀ ਬਣਾਉਣੀ ਪਈ ਜੇਲ੍ਹ, ਜਾਣੋ ਕੀ ਹੈ ਮਾਮਲਾ
ਉਨ੍ਹਾਂ ਦਾ ਪੋਤਾ ਵੀ ਕੈਨੇਡਾ ਦਾ ਹੀ ਨਾਗਰਿਕ ਹੈ।
ਗੁਰਦਾਸਪੁਰ(ਨਿਤਿਨ ਲੂਥਰਾ) : ਘਰ ਵਿਚ ਬਣਾਈ ਜੇਲ੍ਹ ਅੰਦਰ ਬੰਦ ਕੀਤੇ ਗਏ ਬੱਚੇ ਦੀਆਂ ਇਹ ਤਸਵੀਰਾਂ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੀਆਂ ਹਨ। ਦਰਅਸਲ ਇਸ ਬੱਚੇ ਦੇ ਦਾਦਾ-ਦਾਦੀ ਨੇ ਹੀ ਇਸ ਬੱਚੇ ਨੂੰ ਪਿੰਜਰੇ ਵਿਚ ਬੰਦ ਕੀਤਾ ਹੋਇਆ ਹੈ। ਉਂਝ ਕਿਸੇ ਦਾ ਦਿਲ ਨਹੀਂ ਕਰਦਾ ਕਿ ਅਪਣੇ ਬੱਚੇ ਨੂੰ ਇਸ ਤਰ੍ਹਾਂ ਪਿੰਜਰੇ ਵਿਚ ਬੰਦ ਕਰਕੇ ਰੱਖੇ ਪਰ ਇਹ ਬਜ਼ੁਰਗ ਜੋੜਾ ਅਪਣੇ ਪੋਤੇ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕਿਆ ਹੈ ਕਿ ਉਨ੍ਹਾਂ ਨੂੰ ਇਹ ਕਦਮ ਉਠਾਉਣਾ ਪਿਆ ਕਿਉਂਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪਰੇਸ਼ਾਨ ਹੋਏ ਬਜ਼ੁਰਗ ਜੋੜੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੋਤੇ ਨੂੰ ਉਸ ਦੇ ਮਾਂ-ਬਾਪ ਕੋਲ ਕੈਨੇਡਾ ਭੇਜਿਆ ਜਾਵੇ ਕਿਉਂਕਿ ਉਨ੍ਹਾਂ ਦਾ ਪੋਤਾ ਵੀ ਕੈਨੇਡਾ ਦਾ ਹੀ ਨਾਗਰਿਕ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਬੱਚੇ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੈਨੈਡਾ ਵਿਖੇ ਰਹਿੰਦਾ ਹੈ, ਪਤਨੀ ਨਾਲੋਂ ਤਲਾਕ ਹੋਣ ਮਗਰੋਂ ਉਸ ਨੇ ਇਸ ਨੂੰ ਸਾਡੇ ਕੋਲ ਛੱਡ ਦਿੱਤਾ ਸੀ ਪਰ ਪੰਜ ਸਾਲ ਹੋ ਗਏ ਨਾ ਕਦੇ ਸਾਡੇ ਬੇਟੇ ਦਾ ਫ਼ੋਨ ਆਇਆ ਅਤੇ ਨਾ ਹੀ ਕੋਈ ਹੋਰ ਸੰਪਰਕ ਹੋ ਸਕਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਹੁਣ ਅਪਣੇ ਪੋਤੇ ਨੂੰ ਅਪਣੇ ਕੋਲ ਰੱਖਣ ਵਿਚ ਬਹੁਤ ਪਰੇਸ਼ਾਨੀ ਹੋ ਰਹੀ ਹੈ।
ਉਧਰ ਜਦੋਂ ਪਿੰਜਰੇ ਵਿਚ ਬੰਦ ਸਿਧਾਰਥ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਖਿਆ ਕਿ ਉਸ ਨੇ ਚੰਗੇ ਤਰੀਕੇ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਉਸ ਦਾ ਅਪਣੇ ਮਾਂ ਬਾਪ ਕੋਲ ਜਾਣ ਨੂੰ ਦਿਲ ਕਰਦਾ ਹੈ। ਦੇਖਣਾ ਹੋਵੇਗਾ ਕਿ ਸਰਕਾਰ ਇਸ ਬਜ਼ੁਰਗ ਜੋੜੇ ਦੀ ਅਪੀਲ ਸੁਣਦੀ ਐ ਜਾਂ ਨਹੀਂ ਜੋ ਜ਼ਿੰਦਗੀ ਦਾ ਆਖ਼ਰੀ ਸਮਾਂ ਸਕੂਨ ਨਾਲ ਜੀਣਾ ਚਾਹੁੰਦੇ ਹਨ।