ਮੋਬਾਇਲ ਖੋਹਣ ਲਈ ਲੁਟੇਰਿਆਂ ਵੱਲੋਂ ਮਾਂ-ਧੀ ’ਤੇ ਹਮਲਾ, ਮਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ’ਚ ਲੁਟੇਰਿਆਂ ਦੀ ਦਹਿਸ਼ਤ

jatinder kaur

ਗੁਰਦਾਸਪੁਰ:(ਨਿਤਿਨ ਲੂਥਰਾ) ਪੰਜਾਬ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਫ਼ੀ ਵਧਦੀਆਂ ਜਾ ਰਹੀਆਂ  ਹਨ। ਨਿੱਤ ਦਿਨ ਕੋਈ ਨਾ ਕੋਈ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ। ਤਾਜ਼ਾ ਮਾਮਲਾ ਬਟਾਲਾ ਨੇੜੇ ਕਸਬਾ ਸ੍ਰੀ ਹਰਗੋਬਿੰਦਪੁਰ ਰੋਡ ਦਾ ਹੈ

ਜਿੱਥੇ  ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿੰਡ ਊਧਨਵਾਲ ਕੋਲ ਸਕੂਟਰੀ ’ਤੇ ਜਾ ਰਹੀਆਂ ਮਾਂਵਾਂ ਧੀਆਂ ਕੋਲੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਦੌਰਾਨ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹਰਜਿੰਦਰ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਪਰ ਹਸਪਤਾਲ ਵਿਚ ਜਾ ਕੇ ਉਸ ਨੇ ਦਮ ਤੋੜ ਦਿੱਤਾ ਜਦਕਿ ਇਸ ਦੌਰਾਨ ਉਸ ਦੀ ਬੇਟੀ ਜਤਿੰਦਰ ਕੌਰ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਕੌਰ ਵਾਸੀ ਪਿੰਡ ਧੀਰੋਵਾਲ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਉਹ ਮਹਾਰਾਜਾ ਪੈਲੇਸ ਪਿੰਡ ਸੱਖੋਵਾਲ ਨੇੜੇ ਪੁੱਜੀਆਂ ਤਾਂ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਗਈਆਂ। 

ਜਿਵੇਂ ਹੀ ਇਹ ਘਟਨਾ ਵਾਪਰੀ ਤਾਂ ਆਸਪਾਸ ਦੇ ਲੋਕਾਂ ਨੇ ਤੁਰੰਤ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਥੋੜ੍ਹੀ ਦੂਰ ਤੋਂ ਉਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਕੋਸ਼ਿਸ਼ ਦੌਰਾਨ ਹਰਜਿੰਦਰ ਕੌਰ ਦੀ ਮੌਤ ਹੋ ਗਈ। ਪੀੜਤ ਲੜਕੀ ਜਤਿੰਦਰ  ਕੌਰ ਦੇ ਬਿਆਨਾਂ ’ਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਸ ਘਟਨਾ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਅਤੇ ਲੋਕਾਂ ਵੱਲੋਂ ਲੁੱਟ ਖੋਹਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।