ਮੌਜੂਦਾ ਕੈਪਟਨ ਸਰਕਾਰ ਦਾ ਆਖ਼ਰੀ ਬਜਟ ਸੈਸ਼ਨ ਅੱਜ ਤੋਂ

ਏਜੰਸੀ

ਖ਼ਬਰਾਂ, ਪੰਜਾਬ

ਮੌਜੂਦਾ ਕੈਪਟਨ ਸਰਕਾਰ ਦਾ ਆਖ਼ਰੀ ਬਜਟ ਸੈਸ਼ਨ ਅੱਜ ਤੋਂ

image


ਪੂਰੀ ਤਰ੍ਹਾਂ ਹੰਗਾਮੇ ਭਰਿਆ ਰਹੇਗਾ ਵਿਧਾਨ ਸਭਾ ਸੈਸ਼ਨ

ਚੰਡੀਗੜ੍ਹ, 28 ਫ਼ਰਵਰੀ (ਗੁਰਉਪਦੇਸ਼ ਭੁੱਲਰ): 15ਵੀਂ ਪੰਜਾਬ ਵਿਧਾਨ ਸਭਾ ਦਾ 14ਵਾਂ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ | ਇਹ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਸੈਸ਼ਨ ਹੋਣ ਕਰ ਕੇ ਇਸ ਨੂੰ  ਕਾਫ਼ੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਅਗਲੇ ਸਾਲ ਵਿਚ 2022 ਵਿਚ ਰਾਜ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ | ਇਹ ਬਜਟ ਸੈਸ਼ਨ ਪੂਰੀ ਤਰ੍ਹਾਂ ਹੰਗਾਮੇ ਭਰਿਆ ਰਹੇਗਾ ਕਿਉਂਕਿ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਨੇ ਚੋਣ ਵਾਅਦਿਆਂ ਨੂੰ  ਆਧਾਰ ਬਣਾ ਕੇ ਸਰਕਾਰ ਨੂੰ  ਸਦਨ ਵਿਚ ਘੇਰਨ ਦੀ ਰਣਨੀਤੀ ਬਣਾਈ ਹੈ | 
ਚਲ ਰਹੇ ਕਿਸਾਨੀ ਅੰਦੋਲਨ ਦੇ ਮੁੱਦੇ 'ਤੇ ਵੀ ਵਿਰੋਧੀ ਪਾਰਟੀਆਂ ਤੇ ਸੱਤਾਧਿਰ ਵਿਚ ਤਿੱਖੀ ਬਹਿਸ ਦੇ ਪੂਰੇ ਆਸਾਰ ਹਨ ਕਿਉਂਕਿ ਪਿਛਲੇ ਸੈਸ਼ਨ ਵਿਚ ਸਾਰੀਆਂ ਪਾਰਟੀਆਂ ਨੇ ਸਾਂਝੇ ਤੌਰ 'ਤੇ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਮਤਾ ਪਾਸ ਕੀਤਾ ਸੀ ਪਰ ਬਾਅਦ ਵਿਚ ਪਾਰਟੀਆਂ ਅਲੱਗ ਹੋ ਕੇ ਆਪੋ ਅਪਣੀ ਸੁਰ ਅਲਾਪਦਿਆਂ ਇਕ ਦੂਜੇ 'ਤੇ ਨਿਸ਼ਾਨੇ ਸਾਧਦੀਆਂ ਰਹੀਆਂ ਹਨ | ਵਿਰੋਧੀ ਪਾਰਟੀਆਂ ਵਲੋਂ ਮੁੱਖ ਤੌਰ 'ਤੇ ਕਾਂਗਰਸ ਵਲੋਂ ਕੀਤੇ ਚੋਣ ਵਾਅਦੇ ਮੁਕੰਮਲ ਕਰਜ਼ਾ ਮਾਫ਼ੀ, ਘਰ ਘਰ ਰੋਜ਼ਗਾਰ, ਪੈਨਸ਼ਨਾਂ ਵਿਚ ਵਾਧੇ ਵਰਗੇ 
ਮੁੱਦੇ ਚੁਕਣ ਦੀ ਰਣਨੀਤੀ ਬਣਾਈ ਹੈ | ਇਸ ਤੋਂ ਇਲਾਵਾ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਵੀ ਉਠਾਇਆ ਜਾਵੇਗਾ | ਮੁਲਾਜ਼ਮਾਂ ਦੇ ਪੇ ਕਮਿਸ਼ਨ ਤੋਂ ਇਲਾਵਾ ਬਕਾਇਆ ਡੀ.ਏ. ਤੇ ਕੱਚੇ ਮੁਲਾਜ਼ਮਾਂ ਨੂੰ  ਰੈਗੂਲਰ ਕਰਨ ਦੇ ਮੁੱਦੇ ਵੀ ਵਿਰੋਧੀ ਧਿਰ ਦੇ ਮੈਂਬਰ ਉਠਾ ਕੇ ਸਰਕਾਰ ਨੂੰ  ਘੇਰਨ ਦੇ ਯਤਨ ਕਰਨਗੇ | 
ਦੂਜੇ ਪਾਸੇ ਪਤਾ ਲਗਾ ਹੈ ਕਿ 5 ਮਾਰਚ ਨੂੰ  ਪੇਸ਼ ਹੋਣ ਵਾਲੇ ਬਜਟ ਵਿਚ ਸਰਕਾਰ ਵੀ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਵੱਖ ਵੱਖ ਵਰਗਾਂ ਨੂੰ  ਅਹਿਮ ਰਾਹਤਾਂ ਦੇਣ ਦੀ ਤਿਆਰੀ ਵਿਚ ਹੈ | ਸਥਾਨਕ ਚੋਣਾਂ ਵਿਚ ਗੜਬੜੀ ਦਾ ਮੁੱਦਾ ਵੀ ਵਿਰੋਧੀ ਚੁਕਣਗੇ |