ਰੂਸ ਦੇ ਪਰਮਾਣੂ ਵਿਕਲਪ ਤੇ ਤੀਜੇ ਸੰਸਾਰ ਜੰਗ ਦੇ ਖ਼ਤਰੇ ਬਾਰੇ ਚਿੰਤਾ ਦੇ ਪ੍ਰਗਟਾਵੇ
ਰੂਸ ਦੇ ਪਰਮਾਣੂ ਵਿਕਲਪ ਤੇ ਤੀਜੇ ਸੰਸਾਰ ਜੰਗ ਦੇ ਖ਼ਤਰੇ ਬਾਰੇ ਚਿੰਤਾ ਦੇ ਪ੍ਰਗਟਾਵੇ
ਜੇ ਪ੍ਰਮਾਣੂ ਜੰਗ ਛਿੜੀ ਤਾਂ ਹੀਰੋਸ਼ਿਮਾ-ਨਾਗਾਸਾਕੀ ਤੋਂ ਵੀ ਕਿਤੇ ਵੱਧ ਹੋਵੇਗਾ ਪ੍ਰਭਾਵ : ਬਿ੍ਗੇਡੀਅਰ ਕਾਹਲੋਂ
ਚੰਡੀਗੜ੍ਹ, 28 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਕੇਂਦਰੀ ਸ੍ਰੀ ਸਿੰਘ ਸਭਾ ਵਲੋਂ ਸਿੱਖ ਵਿਚਾਰ ਮੰਚ ਦੇ ਸਹਿਯੋਗ ਨਾਲ ਰੂਸ ਦੇ ਯੂਕਰੇਨ ਉਪਰ ਹਮਲੇ ਅਤੇ ਭਾਰਤ ਅਤੇ ਪੰਜਾਬ ਦੇ ਇਸ ਉਪਰ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਅੱਜ ਇਥੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਦੇ ਮੁੱਖ ਬੁਲਾਰਿਆਂ ਵਿਚ ਅਮਰੀਕਾ ਤੋਂ ਆਏ ਵਿਦਵਾਨ ਡਾ. ਸਵਰਾਜ ਸਿੰਘ, ਸੇਵਾ ਮੁਕਤ ਬਿ੍ਗੇਡੀਅਰ ਕੁਲਦੀਪ ਸਿੰਘ ਕਾਹਲੋਂ ਅਤੇ ਸਿਆਸੀ ਵਿਸ਼ਲੇਸ਼ਕ ਡਾ. ਪਿਆਰਾ ਲਾਲ ਗਰਗ ਸਨ |
ਸਾਰੇ ਬੁਲਾਰੇ ਇਕ ਗੱਲ 'ਤੇ ਇਕਮਤ ਸਨ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਤੇ ਲੜਾਈ ਦੀ ਥਾਂ ਮਿਲ ਬੈਠ ਕੇ ਗੱਲਬਾਤ ਰਾਹੀਂ ਹੀ ਦੋਵਾਂ ਮੁਲਕਾਂ ਨੂੰ ਹੱਲ ਕਢਣਾ ਚਾਹੀਦਾ ਹੈ |
ਬਿ੍ਗੇਡੀਅਰ ਕਾਹਲੋਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ ਅਨੁਸਾਰ ਤਲਵਾਰ ਚੁਕਣੀ ਉਸ ਸਮੇਂ ਜਾਇਜ਼ ਹੈ ਜਦ ਸਾਰੇ ਹੀਲੇ ਵਸੀਲੇ ਖ਼ਤਮ ਹੋ ਜਾਣ ਅਤੇ ਹਾਲੇ ਗੱਲਬਾਤ ਰਾਹੀਂ ਮਸਲਾ ਹੱਲ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਦੋ ਦੇਸ਼ਾਂ ਦੀ ਲੜਾਈ ਨਾਲ ਅਜਿਹੀ ਖ਼ਤਰਨਾਕ ਸਥਿਤੀ ਬਣੀ ਹੈ | ਯੂਕਰੇਨ ਭਾਵੇਂ ਰੂਸ ਤੋਂ ਫ਼ੌਜੀ ਤਾਕਤ ਤੇ ਹੋਰ ਪੱਖਾਂ ਤੋਂ 5-6 ਗੁਣਾਂ ਕਮਜ਼ੋਰ ਹੈ ਪਰ ਉਥੋਂ ਦੇ ਰਾਸ਼ਟਰਪਤੀ ਦੀ ਇਸ ਗੱਲੋਂ ਸ਼ਲਾਘਾ ਕਰਨੀ ਬਣਦੀ ਹੈ ਕਿ ਉਹ ਖ਼ੁਦ ਹਥਿਆਰ ਚੁੱਕ ਕੇ ਮੈਦਾਨ ਵਿਚ ਅਗਵਾਈ ਕਰਨ ਉਤਰਿਆ ਹੈ |
ਰੂਸ ਨੂੰ ਭੁਲੇਖਾ ਸੀ ਕਿ ਉਹ 24 ਘੰਟੇ ਵਿਚ ਯੂਕਰੇਨ ਨੂੰ ਜਿੱਤ ਲਵੇਗਾ ਪਰ ਪੰਜ ਦਿਨਾਂ ਬਾਅਦ ਵੀ ਕਾਮਯਾਬ ਨਹੀਂ ਹੋਇਆ | ਯੂਕਰੇਨ ਜਨਤਾ ਨੂੰ ਨਾਲ ਲੈ ਕੇ ਤਕੜਾ ਜਵਾਬ ਦੇ ਰਿਹਾ ਹੈ | ਇਸ ਤੋਂ ਰੂਸ ਨੂੰ ਵੀ ਸਬਕ ਲੈਣਾ ਚਾਹੀਦਾ ਹੈ | ਪ੍ਰਮਾਣੂ ਜੰਗ ਦਾ ਖ਼ਤਰਾ ਪੂਰੀ ਦੁਨੀਆਂ ਲਈ ਗੰਭੀਰ ਚੁਨੌਤੀ ਹੈ | ਉਨ੍ਹਾਂ ਕਿਹਾ ਕਿ ਰੂਸ ਉਪਰ ਲਾਈਆਂ ਹੋਰ ਦੇਸ਼ਾਂ ਵਲੋਂ ਪਾਬੰਦੀਆਂ ਸਿਰਫ਼ ਉਸ ਨੂੰ ਹੀ ਪ੍ਰਭਾਵਤ ਨਹੀਂ ਕਰਦੀਆਂ ਬਲਕਿ ਭਾਰਤ ਵਰਗੇ ਦੇਸ਼ਾਂ ਉਪਰ ਵੀ ਇਸ ਦਾ ਅਸਰ ਪਵੇਗਾ | 25 ਫ਼ੀ ਸਦੀ ਤੇਲ ਭਾਰਤ ਨੂੰ ਰੂਸ ਵਲ ਦੀ ਆਉਂਦਾ ਹੈ ਤੇ ਤੇਲ ਪਾਈਪ ਲਾਈਨ 'ਤੇ ਪਾਬੰਦੀ ਲਾਈ ਗਈ ਹੈ | ਇਸ ਨਾਲ ਤੇਲ ਦੇ ਰੇਟ ਹੀ ਭਾਰਤ ਵਿਚ ਅਸਮਾਨੀ ਨਹੀਂ ਚੜ੍ਹਨਗੇ ਬਲਕਿ ਮਹਿੰਗਾਈ ਵੀ ਹੋਰ ਵਧੇਗੀ | ਪੰਜਾਬ ਤੋਂ ਯੂਕਰੇਨ ਨੂੰ ਹੋਣ ਵਾਲਾ ਐਕਸਪੋਰਟ ਵੀ ਪ੍ਰਭਾਵਤ ਹੋਵੇਗਾ | ਖੇਤੀ ਉਤਪਾਦਾਂ ਦੇ ਵਪਾਰ ਨੂੰ ਵੱਡੀ ਢਾਹ ਲੱਗੇਗੀ |
ਉਨ੍ਹਾਂ ਰੂਸ ਵਲੋਂ ਪ੍ਰਮਾਣੂ ਵਿਕਲਪ ਦੇ ਇਸਤੇਮਾਲ ਦੀ ਧਮਕੀ ਬਾਰੇ ਕਿਹਾ ਕਿ ਹੀਰੋਸਿਮਾ ਤੇ ਨਾਗਾਸਾਕੀ ਵਿਚ 60 ਹਜ਼ਾਰ ਮੌਤਾਂ ਹੋਈਆਂ ਸਨ ਤੇ ਪ੍ਰਭਾਵ ਦੂਰ ਤਕ ਹੋਏ ਸਨ ਪਰ ਜੇ ਰੂਸ ਨੇ ਪ੍ਰਮਾਣੂ ਜੰਗ ਕੀਤੀ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਦੁਨੀਆਂ ਵਿਚ ਮਾਰੂ ਪ੍ਰਭਾਵ ਹੋਣਗੇ | ਰੂਸ ਵਿਚ ਫਸੇ ਸਾਡੇ ਹਜ਼ਾਰਾਂ ਬੱਚਿਆਂ ਨੂੰ ਸੁਰੱਖਿਅਤ ਕੱਢਣ ਦੀ ਲੋੜ ਹੈ ਜਿਸ ਵਿਚ ਸਾਡੇ ਦੂਤਾਵਾਸ ਯੋਜਨਾਬੰਦੀ ਵਿਚ ਨਾਕਾਮ ਹੋ ਰਹੇ ਹਨ | ਡਾ. ਪਿਆਰਾ ਲਾਲ ਗਰਗ ਤੋਂ ਇਲਾਵਾ ਇਸ ਵਿਚਾਰ ਗੋਸ਼ਟੀ ਵਿਚ ਕੇਂਦਰੀ ਸ੍ਰੀ ਸਿੰਘ ਸਭਾ ਦੇ ਜਨਰਲ ਸਕੱਤਰ ਖ਼ੁਸ਼ਹਾਲ ਸਿੰਘ, ਯੂ.ਐਨ.ਆਈ. ਦੇ ਸਾਬਕਾ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਡਾ. ਮੇਘਾ ਸਿੰਘ ਨੇ ਵੀ ਹਿੱਸਾ ਲਿਆ |