ਭਿਆਨਕ ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ, 2 ਕਾਰਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਜਗਸੀਰ ਸਾਬਕਾ ਮੰਤਰੀ ਤੋਤਾ ਸਿੰਘ ਦਾ ਸੀ ਨਿੱਜੀ ਸਹਾਇਕ

Mother and son killed in horrific road accident, 2 cars collide

 

ਸ੍ਰੀ ਮੁਕਤਸਰ ਸਾਹਿਬ  : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਕੋਲ 2 ਕਾਰਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ ਜਿਸ ਵਿਚ ਧਰਮਕੋਟ ਦੇ ਰਹਿਣ ਵਾਲੇ ਮਾਂ-ਪੁੱਤ ਦੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਦੌਰਾਨ 4 ਲੋਕ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਵਾਸੀ ਜਗਸੀਰ ਸਿੰਘ ਆਪਣੀ ਮਾਂ, ਪਤਨੀ ਅਤੇ ਧੀ ਨਾਲ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਸ੍ਰੀ ਮੁਕਤਸਰ ਸਾਹਿਬ ਆਇਆ ਸੀ।

ਬੀਤੀ ਰਾਤ ਜਦੋਂ ਉਹ ਵਰਨਾ ਕਾਰ ਰਾਹੀਂ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਵੱਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇਕ ਹਾਂਡਾ ਆਈਕਾਨ ਕਾਰ ਉਸ ਦੀ ਕਾਰ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇ ਕਾਰਾਂ ਬੁਰੀ ਤਰ੍ਹਾਂ ਫੱਟੜ ਹੋ ਗਈਆਂ। ਇਸ ਹਾਦਸੇ ਦੌਰਾਨ ਜਗਸੀਰ ਸਿੰਘ ਅਤੇ ਉਸ ਦੀ ਮਾਤਾ ਪਰਮਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਅਤੇ ਧੀ ਅਭੀਜੋਤ ਕੌਰ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ। ਹਾਂਡਾ ਆਈਕਾਨ ਕਾਰ ਨੂੰ ਗੰਗਾਨਗਰ ਦੇ ਪਿੰਡ ਮੋਹਨਪੁਰ ਦਾ ਵਾਸੀ ਭਗਵੰਤ ਸਿੰਘ ਚਲਾ ਰਿਹਾ ਸੀ ਅਤੇ ਉਸ ਨਾਲ ਇਕ ਹੋਰ ਵਿਅਕਤੀ ਸਵਾਰ ਸੀ।

ਇਹ ਦੋਵੇਂ ਵਿਅਕਤੀ ਵੀ ਇਲਾਜ ਅਧੀਨ ਹਨ। ਜਗਸੀਰ ਸਿੰਘ ਧਰਮਕੋਟ ਤੋਂ ਅਕਾਲੀ ਆਗੂ ਤੇ ਸਾਬਕਾ ਮੰਤਰੀ ਤੋਤਾ ਸਿੰਘ ਦਾ ਨਿੱਜੀ ਸਹਾਇਕ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।