ਅੱਜ ਮਜੀਠੀਆ ਦੇ ਜਨਮਦਿਨ ਮੌਕੇ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਵਰਕਰਾਂ ਨੇ ਜੇਲ੍ਹ ਬਾਹਰ ਵੰਡਿਆ ਖਾਣ-ਪੀਣ ਦਾ ਸਮਾਨ 

Harsimrat Badal, Sukhbir Badal

ਚੰਡੀਗੜ੍ਹ : ਡਰੱਗ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨਿਆਂਇਕ ਹਿਰਾਸਤ ’ਚ ਹਨ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਸ਼੍ਰੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਮਿਲਣ ਪਹੁੰਚੇ।  ਇਸ ਦੌਰਾਨ ਜੇਲ੍ਹ ਦੇ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ  ਕੀਤੀ ਗਈ। ਨਾਲ ਹੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਜੇਲ੍ਹ ਅੱਗੇ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ। ਬਿਕਰਮ ਮਜੀਠੀਆ ਨੂੰ ਮਿਲਣ ਲਈ ਪਹੁੰਚੇ ਸੁਖਬੀਰ ਬਾਦਲ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਨ੍ਹਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ। 

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਜਲਦ ਹੀ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਦਾ ਅੰਤ ਕਰ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ 10 ਮਾਰਚ ਨੂੰ ਸਭ ਸਾਫ ਹੋ ਜਾਵੇਗਾ ਜਦ ਕਾਂਗਰਸ ਦੇ ਧੱਕੇਸ਼ਾਹੀ ਵਾਲੇ ਰਾਜ ਦਾ ਅੰਤ ਹੋ ਜਾਵੇਗਾ। ਦੱਸ ਦਈਏ ਕਿ ਬਿਕਰਮ ਮਜੀਠੀਆ ਨੂੰ ਮਿਲਣ ਲਈ ਪਟਿਆਲਾ ਜੇਲ੍ਹ ਵਿਚ ਬੀਬੀ ਜਗੀਰ ਕੌਰ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ ਅਤੇ ਸੁਰਜੀਤ ਸਿੰਘ ਰੱਖੜਾ ਵੀ ਪਹੁੰਚੇ ਸਨ ਅਤੇ ਇਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਪੁੱਜ ਰਹੇ ਹਨ ਤੇ ਅੱਜ ਦੇ ਦਿਨ ਅਕਾਲੀ ਵਰਕਰਾਂ ਨੇ ਜੇਲ੍ਹ ਦੇ ਬਾਹਰ ਵੱਖ-ਵੱਖ ਲੰਗ ਵੀ ਲਗਾਏ।